ਗਰਮੀਆਂ ਦੇ ਮੌਸਮ ‘ਚ ਠੰਢਾ ਪਾਣੀ ਪੀਣਾ ਚੰਗਾ ਲੱਗਦਾ ਹੈ। ਕੜਕਦੀ ਧੁੱਪ ਵਿੱਚ ਇਹ ਪਾਣੀ ਕਾਫੀ ਰਾਹਤ ਦਿੰਦਾ ਹੈ। ਗਰਮੀਆਂ ਦੌਰਾਨ ਬਾਜ਼ਾਰ ਵਿੱਚ ਕੋਲਡ ਡਰਿੰਕਸ ਦੀ ਵੀ ਭਰਮਾਰ ਹੁੰਦੀ ਹੈ। ਹਾਲਾਂਕਿ, ਇਹ ਸਿਹਤ ਲਈ ਹਾਨੀਕਾਰਕ ਵੀ ਹੁੰਦੇ ਹਨ। ਸਿਹਤ ਮਾਹਿਰਾਂ ਅਨੁਸਾਰ ਠੰਢਾ ਪਾਣੀ ਪੇਟ ਅੰਦਰ ਚਰਬੀ ਨੂੰ ਨਹੀਂ ਬਲਣ ਦਿੰਦਾ। ਇਸ ਕਾਰਨ ਭਾਰ ਤੇਜ਼ੀ ਨਾਲ ਵਧਦਾ ਹੈ ਤੇ ਮੋਟਾਪੇ ਦੀ ਸਮੱਸਿਆ ਵੀ ਹੋ ਸਕਦੀ ਹੈ। ਕੁਝ ਹਾਲਾਤ ਅਜਿਹੇ ਹੁੰਦੇ ਹਨ ਕਿ ਠੰਢਾ ਪਾਣੀ ਗਲਤੀ ਨਾਲ ਵੀ ਨਹੀਂ ਪੀਣਾ ਚਾਹੀਦਾ। ਆਓ ਜਾਣਦੇ ਹਾਂ ਕਿ ਠੰਢਾ ਪਾਣੀ (Cold Water Side Effects) ਕਦੋਂ-ਕਦੋਂ ਨਹੀਂ ਪੀਣਾ ਚਾਹੀਦਾ।
ਦਿਲ ਧੜਕਣ ਦੀ ਰਫ਼ਤਾਰ
ਕਈ ਖੋਜਾਂ ਵਿੱਚ ਇਹ ਪਾਇਆ ਗਿਆ ਹੈ ਕਿ ਠੰਢਾ ਪਾਣੀ ਦਿਲ ਦੀ ਧੜਕਣ ਨੂੰ ਮੱਠੀ ਕਰ ਦਿੰਦਾ ਹੈ। ਦਿਲ ਦੀ ਮੱਠੀ ਗਤੀ ਸਾਹ ਲੈਣ ਵਿੱਚ ਮੁਸ਼ਕਲ ਪੈਦਾ ਕਰ ਸਕਦੀ ਹੈ। ਦਿਲ ਦੀ ਸਮੱਸਿਆ ਹੋਣ ‘ਤੇ ਗਲਤੀ ਨਾਲ ਵੀ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ।
ਕਸਰਤ ਤੋਂ ਬਾਅਦ
ਕਸਰਤ ਜਾਂ ਵਰਕਆਊਟ ਤੋਂ ਬਾਅਦ ਕਦੇ ਵੀ ਠੰਢਾ ਪਾਣੀ ਨਾ ਪੀਓ। ਦਰਅਸਲ, ਕਸਰਤ ਕਰਨ ਤੋਂ ਬਾਅਦ ਦਿਲ ਦੀ ਧੜਕਣ ਕਾਫੀ ਹੱਦ ਤੱਕ ਵਧ ਜਾਂਦੀ ਹੈ। ਸਰੀਰ ਦਾ ਤਾਪਮਾਨ ਵੀ ਕਾਫੀ ਵਧ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਠੰਢਾ ਪਾਣੀ ਪੀਂਦੇ ਹੋ ਤਾਂ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਕਾਰਨ ਸਰੀਰ ਦਾ ਤਾਪਮਾਨ ਵੀ ਗੜਬੜਾ ਸਕਦਾ ਹੈ।
ਧੁੱਪ ‘ਚ ਬਾਹਰ ਮਿਕਲਣ ਮਗਰੋਂ
ਜੇਕਰ ਤੁਸੀਂ ਧੁੱਪ ਵਾਲੀ ਜਗ੍ਹਾ ਤੋਂ ਆ ਰਹੇ ਹੋ ਤਾਂ ਤੁਹਾਨੂੰ ਕੁਝ ਸਮੇਂ ਲਈ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ। ਠੰਢਾ ਪਾਣੀ ਪੀਣਾ ਬੇਸ਼ੱਕ ਚੰਗਾ ਲੱਗਦਾ ਹੈ ਪਰ ਇਸ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਗਰਮ-ਸਰਦ ਹੋ ਸਕਦਾ ਹੈ। ਇਸ ਲਈ ਧੁੱਪ ਵਿੱਚੋਂ ਆਉਣ ਮਗਰੋਂ ਕੁਝ ਦੇਰ ਬਾਅਦ ਹੀ ਠੰਢਾ ਪਾਣੀ ਪੀਣਾ ਚਾਹੀਦਾ ਹੈ, ਨਹੀਂ ਤਾਂ ਬੁਖਾਰ ਵੀ ਹੋ ਸਕਦਾ ਹੈ।
ਖਰਾਬ ਪਾਚਨ
ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਖਰਾਬ ਹੈ ਜਾਂ ਪੇਟ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ, ਉਨ੍ਹਾਂ ਨੂੰ ਠੰਢਾ ਪਾਣੀ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਪੇਟ ਖਰਾਬ ਹੋਣ ‘ਤੇ ਫਰਿੱਜ ਦਾ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਪਾਚਨ ਤੰਤਰ ਦੀ ਪ੍ਰਕ੍ਰਿਆ ਹੌਲੀ ਹੋ ਸਕਦੀ ਹੈ। ਐਸੀਡਿਟੀ ਜਾਂ ਪਾਚਨ ਤੋਂ ਇਲਾਵਾ ਇਸ ਨਾਲ ਕਈ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।