ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਜਿਨ੍ਹਾਂ ਹਥਿਆਰਾਂ ਦੀ ਵਰਤੋਂ ਹੋਈ ਸੀ, ਉਨ੍ਹਾਂ ਨੂੰ ਇਕ ਕੌਮਾਂਤਰੀ ਗੈਂਗ ਤੋਂ ਲਾਰੈਂਸ ਬਿਸ਼ਨੋਈ ਤੇ ਉਸ ਦੇ ਗੁਰਗਿਆਂ ਨੇ ਲਿਆ ਸੀ। ਇਸ ਕੌਮਾਂਤਰੀ ਹਥਿਆਰ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼ ਸਪੈਸ਼ਲ ਸੈੱਲ ਨੇ ਕੀਤਾ ਹੈ। ਇਸ ਦੇ 3 ਸਮੱਗਲਰਾਂ ਨੂੰ ਦਿੱਲੀ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਭਾਰਤ ਸਮੇਤ ਪਾਕਿਸਤਾਨ, ਦੁਬਈ ਤੇ ਨੇਪਾਲ ਤੋਂ ਆਪਣਾ ਨੈੱਟਵਰਕ ਚਲਾ ਰਹੇ ਸਨ। ਮੁਲਜ਼ਮਾਂ ਦੀ ਪਛਾਣ ਮੁਹੰਮਦ ਓਵੈਸ ਉਰਫ ਸ਼ਮਸ਼ਾਦ, ਮੁਹੰਮਦ ਅਫਰੋਜ਼ ਤੇ ਮੁਹੰਮਦ ਅਦਨਾਨ ਹੁਸੈਨ ਅੰਸਾਰੀ ਵਜੋਂ ਹੋਈ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਦਿੱਲੀ ਪੁਲਸ ਦੀ ਪੁੱਛਗਿੱਛ ਵਿੱਚ ਗੈਂਗਸਟਰ ਸਚਿਨ ਬਿਸ਼ਨੋਈ ਨੇ ਖ਼ੁਲਾਸਾ ਕੀਤਾ ਸੀ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦੁਬਈ ਵਿੱਚ ਰਚੀ ਗਈ ਸੀ। ਇੱਥੋਂ ਹੀ ਉਹ ਲਾਰੈਂਸ ਅਤੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਮੂਸੇਵਾਲਾ ਦਾ ਕਤਲ ਲਾਰੈਂਸ ਦੇ ਕਹਿਣ ‘ਤੇ ਹੀ ਹੋਇਆ ਸੀ। ਸਚਿਨ ਨੇ ਹੀ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ ਅਤੇ ਫਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਅਪ੍ਰੈਲ ‘ਚ ਦੁਬਈ ਭੱਜ ਗਿਆ ਸੀ।
ਸੂਤਰਾਂ ਮੁਤਾਬਕ ਪੁਲਸ ਵੱਲੋਂ ਪੁੱਛਗਿੱਛ ਦੌਰਾਨ ਸਚਿਨ ਨੇ ਇਹ ਗੱਲ ਵੀ ਦੱਸੀ ਕਿ ਲਾਰੈਂਸ ਬਿਸ਼ਨੋਈ ਨੇ ਗੋਲਡੀ ਨਾਲ ਰਲ ਕੇ ਮੂਸੇਵਾਲਾ ਕਤਲ ਨੂੰ ਅੰਜ਼ਾਮ ਦੇਣ ਲਈ ਕਿਹਾ ਸੀ। ਸਚਿਨ ਦੇ ਦੱਸਿਆ ਕਿ ਦੁਬਈ ਵਿੱਚ ਹੀ ਉਸ ਦੀ ਮੁਲਾਕਾਤ ਗੈਂਗਸਟਰ ਵਿਕਰਮ ਬਰਾੜ ਨਾਲ ਹੋਈ ਸੀ, ਜਿਸ ਨੂੰ ਕੁਝ ਦਿਨ ਪਹਿਲਾਂ ਭਾਰਤ ਲਿਆਂਦਾ ਗਿਆ ਹੈ। ਮੂਸੇਵਾਲਾ ਕਤਲਕਾਂਡ ਮਗਰੋਂ ਗੋਲਡੀ ਨੇ ਸਚਿਨ ਨੂੰ ਦੱਸਿਆ ਕਿ ਉਸ ਦਾ ਪਾਸਪੋਰਟ ਬਲੈਕ ਲਿਸਟ ਹੋ ਚੁੱਕਾ ਹੈ ਇਸ ਕਰਕੇ ਉਹ ਡੁਬਈ ਤੋਂ ਅਜ਼ਰਬੈਜਾਨ ਚਲਾ ਜਾਵੇ। ਮੂਸੇਵਾਲਾ ਕਤਲ ਕਾਂਡ ਦੇ ਕੁਝ ਦਿਨਾਂ ਮਗਰੋਂ ਸਚਿਨ ਅਜ਼ਰਬੈਜਾਨ ਪਹੁੰਚ ਗਿਆ। ਜਿੱਥੇ ਉਹ ਕਿਰਾਏ ਦੇ ਮਕਾਨ ‘ਚ ਰਿਹਾ। ਦੱਸ ਦਈਏ ਕਿ ਫ਼ਿਲਹਾਲ ਦਿੱਲੀ ਪੁਲਸ ਵੱਲੋਂ ਅਧਿਕਾਰਕ ਤੌਰ ‘ਤੇ ਸਚਿਨ ਕੋਲੋਂ ਕੀਤੀ ਪੁੱਛਗਿੱਛ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਗਿਆ।