05/16/2024 12:40 PM

ਸਿੱਖੀ ਦੇ ਪ੍ਰਚਾਰ ਲਈ ਬਜੁਰਗ ਜੋੜੇ ਨੇ ਬਣਾਇਆ ਰਿਕਾਰਡ!

ਸਿੱਖ ਜੋੜੇ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ 87 ਦੇਸ਼ਾਂ ਦੀ 2,25,000 ਕਿਲੋਮੀਟਰ ਕਾਰ ਰਾਹੀਂ ਯਾਤਰਾ ਕੀਤੀ ਹੈ। ਉਨ੍ਹਾਂ ਨੇ 2018 ਤੋਂ ਯਾਤਰਾ ਸ਼ੁਰੂ ਕੀਤੀ ਸੀ ਜੋ ਅਜੇ ਵੀ ਜਾਰੀ ਹੈ। ਬਜ਼ੁਰਗ ਜੋੜਾ ਅਮਰਜੀਤ ਸਿੰਘ ਚਾਵਲਾ ਤੇ ਗੁਰਸ਼ਰਨ ਕੌਰ ਹੁਣ ਪੰਜਾਬ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ 40 ਦੇਸ਼ ਅਜਿਹੇ ਹਨ ਜਿੱਥੇ ਉਹ ਆਪਣੀ ਕਾਰ ਨਹੀਂ ਲਿਜਾ ਸਕੇ।

ਦਰਅਸਲ ਸਿੱਖਾਂ ਦੇ 10 ਗੁਰੂਆਂ ਦੇ ਫਲਸਫ਼ੇ ਦਾ ਪ੍ਰਚਾਰ ਕਰ ਰਿਹਾ ਬਜ਼ੁਰਗ ਜੋੜਾ ਅਮਰਜੀਤ ਸਿੰਘ ਚਾਵਲਾ ਤੇ ਗੁਰਸ਼ਰਨ ਕੌਰ ਵੱਖ-ਵੱਖ ਦੇਸ਼ਾਂ ’ਚੋਂ ਆਪਣੀ ਕਾਰ ਰਾਹੀਂ ਹਜ਼ਾਰਾਂ ਕਿਲੋਮੀਟਰ ਸਫ਼ਰ ਤੈਅ ਕਰਦਾ ਹੋਇਆ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਪੁੱਜਾ। ਇਸ ਦੌਰਾਨ ਉਨ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ, ਸ੍ਰੀ ਚੁਬਾਰਾ ਸਾਹਿਬ, ਗੁਰਦੁਆਰਾ ਗਨੀ ਖਾਂ ਨਬੀ ਖਾਂ ਤੇ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਟ ਸਾਹਿਬ ਦੇ ਦਰਸ਼ਨ ਕੀਤੇ।

ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਚਾਵਲਾ ਤੇ ਗੁਰਸ਼ਰਨ ਕੌਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ 2018 ਤੋਂ ਯਾਤਰਾ ਸ਼ੁਰੂ ਕੀਤੀ ਜਿਸ ਤਹਿਤ ਉਨ੍ਹਾਂ ਦਿੱਲੀ ਤੋਂ ਇੰਗਲੈਂਡ ਤੱਕ ਕਰੀਬ 30 ਦੇਸ਼ਾਂ ’ਚੋਂ ਹੁੰਦੇ ਹੋਏ 50,000 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਇਸ ਮਗਰੋਂ ਉਨ੍ਹਾਂ ਨੇ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤ ਤੋਂ ਇਲਾਵਾ ਪਾਕਿਸਤਾਨ, ਬਰਮਾ, ਸ਼੍ਰੀਲੰਕਾ ਤੇ ਬੰਗਲਾਦੇਸ਼ ਜਾ ਕੇ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕੀਤੇ ਤੇ ਉਨ੍ਹਾਂ ਦੇ ਫਲਸਫ਼ੇ ਦਾ ਪ੍ਰਚਾਰ ਕੀਤਾ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ 2,25,000 ਕਿਲੋਮੀਟਰ ਆਪਣੀ ਕਾਰ ਰਾਹੀਂ ਯਾਤਰਾ ਕਰ ਚੁੱਕੇ ਹਨ ਜਿਸ ਤਹਿਤ 87 ਦੇਸ਼ ਘੁੰਮ ਚੁੱਕੇ ਹਨ ਤੇ 40 ਦੇਸ਼ ਅਜਿਹੇ ਹਨ ਜਿੱਥੇ ਉਹ ਆਪਣੀ ਕਾਰ ਨਹੀਂ ਲਿਜਾ ਸਕੇ। ਉਨ੍ਹਾਂ ਦੱਸਿਆ ਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਸਾਰੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਯਾਤਰਾ ਸ਼ੁਰੂ ਕੀਤੀ ਹੈ। ਇਹ ਯਾਤਰਾ ਪਟਨਾ ਸਾਹਿਬ (ਬਿਹਾਰ) ਤੋਂ ਸ਼ੁਰੂ ਕੀਤੀ ਗਈ ਹੈ।