07/27/2024 2:07 PM

ਮੁੱਖ ਮੰਤਰੀ ਭਗਵੰਤ ਮਾਨ ਦਾ ਕੱਲ੍ਹ ਹੈ ਜਨਮਦਿਨ, ‘ਆਪ’ ਵਰਕਰਾਂ ਵੱਲੋਂ ਹਰ ਜ਼ਿਲ੍ਹੇ ‘ਚ ਲਗਾਏ ਜਾਣਗੇ ਖੂਨਦਾਨ ਕੈਂਪ

ਮੁੱਖ ਮੰਤਰੀ ਭਗਵੰਤ ਮਾਨ ਦਾ ਕੱਲ੍ਹ ਯਾਨੀ 17 ਅਕਤੂਬਰ ਨੂੰ ਜਨਮ ਦਿਨ ਹੈ। ਇਸ ਮੌਕੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਖੂਨਦਾਨ ਕੈਂਪ ਲਾਏ ਜਾ ਰਹੇ ਹਨ। ਇਹ ਖੂਨ ਦਾਨ ਕੈਂਪ ਭਲਕੇ ਜਲੰਧਰ ਦੇ ਵਿਰਸਾ ਵਿਹਾਰ ਨਾਮਦੇਵ ਚੌਂਕ ਵਿੱਚ ਆਪ ਆਗੂ ਦੀਪਕ ਬਾਲੀ ਅਤੇ ਦਿ ਲਾਈਫ ਹੈਲਪਰਸ ਵੱਲੋਂ ਲਾਇਆ ਜਾ ਰਿਹਾ ਹੈ। ਇਸ ਵਿੱਚ ਗੁਰਮੀਤ ਸਿੰਘ ਸਕੱਤਰ ਸੰਗਤ ਰਾਮ (ਉਪ ਚੇਅਰਮੈਨ) ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ‘ਆਪ’ ਪੰਜਾਬ ਇਕਾਈ ਨੇ 17 ਅਕਤੂਬਰ ਨੂੰ ਮੁੱਖ ਮੰਤਰੀ ਮਾਨ ਦੇ ਜਨਮ ਦਿਨ ਨੂੰ ਮਨਾਉਣ ਲਈ ਖੂਨ ਦਾਨ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ‘ਆਪ’ ਵਲੰਟੀਅਰਾਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਮਹਾਨ ਸੇਵਾ ਹੈ ਅਤੇ ਸਾਰੇ ਤੰਦਰੁਸਤ ਲੋਕਾਂ ਨੂੰ ਸਮੇਂ-ਸਮੇਂ ‘ਤੇ ਖੂਨਦਾਨ ਕਰਨਾ ਚਾਹੀਦਾ ਹੈ।

ਆਪ ਆਗੂ ਨੇ ਪਾਰਟੀ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਖੂਨ ਦਾਨ ਕੈਂਪ ਲਗਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦੇਣ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਦੇ ਸਾਰੇ ਵਰਕਰਾਂ ਨੂੰ 17 ਅਕਤੂਬਰ ਨੂੰ ਖੂਨਦਾਨ ਕਰਨਾ ਚਾਹੀਦਾ ਹੈ, ਇਹ ਮੁੱਖ ਮੰਤਰੀ ਮਾਨ ਨੂੰ ਉਨ੍ਹਾਂ ਦਾ ਤੋਹਫਾ ਹੋਵੇਗਾ।