04/29/2024 7:12 PM

ਖੁਦਕੁਸ਼ੀ ਕਰਨ ਵਾਲੀ ਪ੍ਰੋਫੈਸਰ ਦੀ 5 ਸਾਲਾ ਧੀ ਨੂੰ ਨੌਕਰੀ ਦੇਣ ਦਾ ਭਰੋਸਾ, ਮਜੀਠੀਆ ਬੋਲੇ…ਵੱਡਾ ਫਰਾਡ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖ਼ਿਲਾਫ਼ ਖੁਦਕੁਸ਼ੀ ਨੋਟ ਲਿਖਣ ਉਪਰੰਤ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ ਮਹਿਲਾ ਸਹਾਇਕ ਪ੍ਰੋਫੈਸਰ ਦਾ ਵੀਰਵਾਰ ਨੂੰ ਉਸ ਦੇ ਪੇਕੇ ਪਿੰਡ ਬਸੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਖੁਦਕੁਸ਼ੀ ਨੋਟ ਨੂੰ ਰਿਕਾਰਡ ਵਿੱਚ ਲੈਣ ਤੇ ਇਸ ਦੀ ਜਾਂਚ ਕਰਨ ਦੀ ਸਹਿਮਤੀ ਦਿੱਤੀ ਗਈ ਜਿਸ ਤੋਂ ਬਾਅਦ ਹੀ ਬਲਵਿੰਦਰ ਕੌਰ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਮ੍ਰਿਤਕਾ ਦੀ ਪੰਜ ਸਾਲਾ ਬੱਚੀ ਨੂੰ ਬਾਲਗ ਹੋਣ ’ਤੇ ਸਰਕਾਰੀ ਨੌਕਰੀ ਦਿੱਤੀ ਜਾਵਗੀ।

ਹੁਣ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਖੁਦਕੁਸ਼ੀ ਕਰਨ ਵਾਲੀ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਧੀ ਨਵਨੀਤ ਕੌਰ ਹਾਲੇ ਸਿਰਫ 5 ਸਾਲਾ ਦੀ ਹੈ। ਨਵਨੀਤ 13 ਸਾਲਾਂ ਬਾਅਦ 18 ਸਾਲਾਂ ਦੀ ਹੋਵੇਗੀ, ਉਦੋਂ ਕਿਸ ਦੀ ਸਰਕਾਰ ਹੋਵੇਗੀ ਤੇ ਕੌਣ ਅਫਸਰ ਹੋਵੇਗਾ।

ਮਜੀਠੀਆ ਨੇ ਟਵੀਟ ਕਰਕੇ ਕਿਹਾ….ਝੂਠੀਆਂ ਗਰੰਟੀਆਂ ਦੇ ਕੇ ਸੱਤਾ ਹਾਸਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਤੋਂ ਵੱਡਾ ਫਰਾਡ ਪੰਜਾਬੀਆਂ ਸਾਹਮਣੇ ਹੈ…ਖੁਦਕੁਸ਼ੀ ਕਰਨ ਵਾਲੀ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਧੀ ਨਵਨੀਤ ਕੌਰ ਹਾਲੇ ਸਿਰਫ 5 ਸਾਲਾ ਦੀ ਹੈ….ਭਗਵੰਤ ਮਾਨ ਜੀ ਨੇ ਗਰੰਟੀ ਦਿੱਤੀ ਹੈ ਕਿ ਨਵਨੀਤ ਕੌਰ ਨੂੰ ’ਯੋਗ ਸਮੇਂ ’ਤੇ’ ਯੋਗਤਾ ਦੇ ਆਧਾਰ ’ਤੇ ਢੁਕਵਾਂ ਰੋਜ਼ਗਾਰ ਦਿੱਤਾ ਜਾਵੇਗਾ….ਭਗਵੰਤ ਮਾਨ ਸਾਹਿਬ ਨਵਨੀਤ 13 ਸਾਲਾਂ ਬਾਅਦ 18 ਸਾਲਾਂ ਦੀ ਹੋਵੇਗੀ…ਉਦੋਂ ਕਿਸਦੀ ਸਰਕਾਰ ਹੋਵੇਗੀ….ਕੌਣ ਅਫਸਰ ਹੋਵੇਗਾ….ਪਲ ਦਾ ਵਿਸਾਹ ਨਹੀਂ ਸੱਜਣਾ ਤੁਸੀਂ ਤਾਂ 13 ਸਾਲਾਂ ਬਾਅਦ ਦੀ ਗਰੰਟੀ ਦੇ ਦਿੱਤੀ ਹੈ….ਤੁਹਾਡੀ ਇਹ ਗਰੰਟੀ ਪਰਿਵਾਰ ਤੇ ਪੰਜਾਬ ਨਾਲ ਸਭ ਤੋਂ ਵੱਡਾ ਧੋਖਾ/ਫਰਾਡ ਹੈ ਜਿਸ ਲਈ ਪੰਜਾਬੀ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੇ…ਧੋਖੇਬਾਜ਼ ਸਰਕਾਰ ਮੁਰਦਾਬਾਦ…ਮੁਰਦਾਬਾਦ

ਦੱਸ ਦਈਏ ਕਿ ਪ੍ਰਸ਼ਾਸਨ ਨੇ ਬਲਵਿੰਦਰ ਕੌਰ ਦੀ ਪੰਜ ਸਾਲਾ ਲੜਕੀ ਨੂੰ ਭਵਿੱਖ ਵਿੱਚ ਨੌਕਰੀ ਦੇਣ ਦਾ ਜੋ ਪੱਤਰ ਸੌਂਪਿਆਂ ਹੈ, ਉਸ ਵਿੱਚ ਮੁੱਖ ਮੰਤਰੀ ਦੇ ਫੀਲਡ ਅਫਸਰ ਦੀਪਾਂਕਰ ਵੱਲੋਂ ਦਸਤਖਤ ਕੀਤੇ ਗਏ ਹਨ ਪਰ ਇਸ ਪੱਤਰ ਵਿੱਚ ਨਾ ਤਾਂ ਪੱਤਰ ਨੰਬਰ ਦਰਜ ਕੀਤਾ ਗਿਆ ਹੈ ਤੇ ਨਾ ਹੀ ਜਾਰੀਕਰਤਾ ਦੇ ਦਫਤਰੀ ਪਤੇ ਦਾ ਜ਼ਿਕਰ ਕੀਤਾ ਗਿਆ ਹੈ