ਜਲੰਧਰ(EN) ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਅੱਜ ਲੋਕਾਂ ਦੇ ਭਾਰੀ ਇਕੱਠ ਵਿਚਕਾਰ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਦੌਰਾਨ ਡੀਜੇ ’ਤੇ ‘ਐਮਪੀ ਬਲਵਿੰਦਰ ਚਾਹੀਦਾ’ ਗੀਤ ਗੂੰਜਦਾ ਰਿਹਾ, ਜਿਸ ’ਤੇ ਲੋਕਾਂ ਨੇ ਭੰਗੜਾ ਪਾਇਆ। ਇਸ ਦੌਰਾਨ ਲੋਕਾਂ ਨੇ ਫੁੱਲ ਬਰਸਾਏ ਤੇ ਸਵਾਗਤ ’ਚ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਹਾਰ ਪਾਏ। ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਸਵੇਰੇ 10 ਵਜੇ ਲਾਡੋਵਾਲੀ ਰੋਡ ਵਿਖੇ ਪਹੁੰਚੇ, ਜਿੱਥੋਂ ਉਹ ਵੱਡੇ ਕਾਫਿਲੇ ਨਾਲ ਮਾਰਚ ਕਰਦੇ ਹੋਏ ਡੀਸੀ ਦਫਤਰ ਪਹੁੰਚੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਬਾਕੀ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਹੈ, ਪਰ ਉਹ ਪਾਰਟੀਆਂ ਸਰਕਾਰਾਂ ਬਣਾ ਕੇ ਲੋਕਾਂ ਨੂੰ ਇਲਾਜ, ਸਿੱਖਿਆ, ਰੁਜ਼ਗਾਰ ਤੇ ਇਨਸਾਫ ਨਹੀਂ ਦੇ ਸਕੀਆਂ। ਇਸ ਕਰਕੇ ਲੋਕਾਂ ’ਚ ਭਾਰੀ ਨਿਰਾਸ਼ਾ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਅਪੀਲ ਕਰਦਿਆਂ ਕਿਹਾ ਕਿ ਜਲੰਧਰ ਦੇ ਲੋਕ ਉਨ੍ਹਾਂ ਨੂੰ ਇੱਕ ਮੌਕਾ ਜ਼ਰੂਰ ਦੇਣ। ਉਹ ਜਲੰਧਰ ’ਚ ਪੱਤਰਕਾਰ ਵੱਜੋਂ ਲੋਕਾਂ ਦੇ ਮੁੱਦੇ ਚੁੱਕਦੇ ਰਹੇ ਹਨ ਤੇ ਹੁਣ ਸਿਆਸਤ ’ਚ ਆ ਕੇ ਵੀ ਲੋਕ ਭਲਾਈ ਲਈ ਯਤਨਸ਼ੀਲ ਹਨ। ਪਿਛਲੀ ਲੋਕਸਭਾ ਚੋਣ ’ਚ ਉਨ੍ਹਾਂ ਨੂੰ ਜਲੰਧਰ ਤੋਂ 2 ਲੱਖ ਤੋਂ ਵੱਧ ਵੋਟ ਪਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੇ ਲੋਕਾਂ ਲਈ ਲਗਾਤਾਰ ਕੰਮ ਕੀਤਾ ਤੇ ਉਨ੍ਹਾਂ ’ਤੇ ਵਿਸ਼ਵਾਸ ’ਤੇ ਖਰੇ ਉਤਰੇ। ਇਸ ਲਈ ਹੁਣ ਉਨ੍ਹਾਂ ਨੂੰ ਦੁੱਗਣਾ ਹੁੰਗਾਰਾ ਮਿਲ ਰਿਹਾ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਜਲੰਧਰ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ ਤੇ ਹੁਣ ਉਨ੍ਹਾਂ ਦੇ ਸਮਰਥਨ ਦੀ ਬਦੌਲਤ ਇੱਥੋਂ ਜਿੱਤ ਵੀ ਪ੍ਰਾਪਤ ਕਰਨਗੇ।