07/21/2024 4:06 PM

ਪੁਲਿਸ ਜਾਂਚ ‘ਚ ਸ਼ਾਮਲ ਹੋਈ Yoga Girl ਅਰਚਨਾ ਮਕਵਾਨਾ, ਦਰਜ ਕਰਵਾਏ ਬਿਆਨ

ਸ੍ਰੀ ਦਰਬਾਰ ਸਾਹਿਬ ‘ਚ ਯੋਗਾ ਕਰਨ ਪਿੱਛੋਂ ਵਿਵਾਦਾਂ ‘ਚ ਘਿਰੀ ਅਰਚਨਾ ਮਕਵਾਨਾ ਨੇ ਪੰਜਾਬ ਪੁਲਿਸ ਵੱਲੋਂ ਭੇਜੇ ਸੰਮਨਾਂ ਨੂੰ ਤਾਮੀਲ ਕਰ ਲਿਆ ਹੈ, ਜਿਸ ਪਿੱਛੋਂ ਉਸ ਨੇ ਪੁਲਿਸ ਜਾਂਚ ਵਿੱਚ ਸ਼ਾਮਲ ਹੋ ਕੇ ਬਿਆਨ ਵੀ ਦਰਜ ਕਰਵਾਏ ਹਨ।

ਏਡੀਸੀਪੀ ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਅਰਚਨਾ ਨੂੰ ਮਾਮਲੇ ‘ਚ ਪਹਿਲਾਂ ਨੋਟਿਸ ਭੇਜਿਆ ਗਿਆ ਸੀ, “ਜੇ ਉਹ 30 ਜੂਨ ਤੱਕ ਪੇਸ਼ ਨਹੀਂ ਹੁੰਦੀ ਤਾਂ ਉਨ੍ਹਾਂ ਨੂੰ ਦੋ ਹੋਰ ਨੋਟਿਸ ਭੇਜੇ ਜਾਣਗੇ। ਜੇ ਉਹ ਫਿਰ ਵੀ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੁੰਦੇ ਤਾਂ ਇੱਕ ਟੀਮ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਭੇਜੀ ਜਾਵੇਗੀ।”

ਜ਼ਿਕਰਯੋਗ ਹੈ ਕਿ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕੀਤਾ ਸੀ, ਜੋ ਕਿ ਐਸਜੀਪੀਸੀ ਅਨੁਸਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ। ਇਸ ਦੇ ਵਿਰੋਧ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਚਨਾ ਖਿਲਾਫ਼ ਸ਼ਿਕਾਇਤ ਕੀਤੇ ਜਾਣ ਮਗਰੋਂ ਪੁਲਿਸ ਵੱਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ‘ਚ ਸ਼ਾਮਲ ਹੋਣ ਲਈ ਸੰਮਨ ਭੇਜੇ ਗਏ ਸਨ।

ਏਡੀਸੀਪੀ ਨੇ ਦੱਸਿਆ ਕਿ ਜਿਹੜੇ ਸੰਮਨ ਥਾਣਾ ਕਤਵਾਲੀ ਵੱਲੋਂ ਭੇਜੇ ਗਏ ਸਨ, ਉਹ ਅਰਚਨਾ ਨੇ ਤਾਮੀਲ ਕਰ ਲਏ ਹਨ। ਹੁਣ ਉਹ ਪੁਲਿਸ ਜਾਂਚ ਵਿੱਚ ਸ਼ਾਮਲ ਹੋ ਗਈ ਹੈ ਅਤੇ ਬਿਆਨ ਵੀ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਅਰਚਨਾ ਜਾਂਚ ਵਿੱਚ ਸ਼ਾਮਲ ਨਹੀਂ ਹੁੰਦੀ ਸੀ, ਤਾਂ ਉਸ ਦੀ ਗ੍ਰਿਫ਼ਤਾਰੀ ਵੀ ਕੀਤੀ ਜਾਣੀ ਸੀ।