ਕੇਂਦਰੀ ਜਾਂਚ ਏਜੰਸੀ ਐਨਆਈਏ ਵੱਲੋਂ ਸ਼ੁੱਕਰਵਾਰ ਤੜਕਸਾਰ ਪੰਜਾਬ ‘ਚ ਵੱਖ-ਵੱਖ ਥਾਂਵਾਂ ‘ਤੇ ਛਾਪੇ ਮਾਰੇ ਗਏ। ਇਨ੍ਹਾਂ ਵਿੱਚ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਸਾਂਸਦ ਅੰਮ੍ਰਿਤਪਾਲ ਸਿੰਘ ਦੇ ਬਾਬਾ ਬਕਾਲਾ ‘ਚ ਲਗਭਗ ਸਾਰੇ ਰਿਸ਼ਤੇਦਾਰਾਂ ਦੇ ਘਰ ਐਨਆਈਏ ਵੱਲੋਂ ਰੇਡ ਮਾਰੀ ਗਈ ਦੱਸੀ ਜਾ ਰਹੀ ਹੈ।
ਮੋਗਾ ਤੋਂ ਵੀ ਸੂਚਨਾ ਹੈ ਕਿ ਸਮਾਲਸਰ ‘ਚ ਕਵਿਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਵੀ NIA ਵੱਲੋਂ ਰੇਡ ਕੀਤੀ ਗਈ ਹੈ ਅਤੇ ਜਾਂਚ ਚੱਲ ਰਹੀ ਹੈ।ਅੰਮ੍ਰਿਤਸਰ ‘ਚ ਵੱਖ ਵੱਖ ਥਾਂਵਾਂ ‘ਤੇ ਰੇਡ ਵਿੱਚ NIA ਵੱਲੋਂ ਰਈਆਂ ‘ਚ ਵੀ ਰੇਡ ਕੀਤੀ ਗਈ। ਇਸ ਨਾਲ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਅਤੇ ਕਰੀਬੀ ਰਿਸ਼ਤੇਦਾਰ ਭਾਈ ਪ੍ਰਗਟ ਸਿੰਘ ਜੱਲੂਪੁਰ ਖੈੜਾ ਦੇ ਗ੍ਰਹਿ ਰਈਆ ਫੇਰੂਮਾਨ ‘ਤੇ ਸਥਿਤ ਉਨ੍ਹਾਂ ਦੇ ਗ੍ਰਹਿ ਸੰਧੂ ਫਰਨੀਚਰ ਹਾਊਸ ‘ਤੇ ਛਾਪਾ ਮਾਰਿਆ ਗਿਆ। ਜਾਣਕਾਰੀ ਅਨੁਸਾਰ ਐਨਆਈਏ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਚਾਚਾ ਦੇ ਘਰ ਰੇਡ ਤੋਂ ਬਾਅਦ ਏਜੰਸੀ ਸੁਖਚੈਨ ਸਿੰਘ ਨੂੰ ਨਾਲ ਲੈ ਗਈ ਹੈ। ਐਨਆਈਏ ਵੱਲੋਂ ਜਾਂਚ ਦੌਰਾਨ ਘਰਾਂ ‘ਚ ਪੂਰੀ ਤਰ੍ਹਾਂ ਨਾਲ ਕੋਨੇ-ਕੋਨੇ ਦੀ ਜਾਂਚ ਕੀਤੀ ਗਈ। ਨਾਲ ਹੀ ਟੀਮ ਵੱਲੋਂ ਘਰ ਵਿੱਚ ਪਿਆ ਇੱਕ ਡੀਵੀਆਰ ਵੀ ਕਬਜ਼ੇ ‘ਚ ਲਿਆ ਗਿਆ ਹੈ।
ਜਾਂਚ ਏਜੰਸੀ ਦੇ ਅਧਿਕਾਰੀਆਂ ਵੱਲੋਂ ਹਾਲਾਂਕਿ ਇਸ ਸਬੰਧੀ ਕੁੱਝ ਵੀ ਜਾਣਕਾਰੀ ਨਹੀਂ ਦਿੱਤੀ। ਨਾ ਰੇਡ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਆਈ ਹੈ।
ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਘੁਮਾਣ, ਮਚਰਾਵਾ ਅਤੇ ਭਾਮ ਵਿੱਚ ਵੀ ਐਨਏਆਈ ਵੱਲੋਂ ਰੇਡ ਕੀਤੀ ਗਈ ਹੈ। ਇਥੇ ਵੀ ਗੁਰਮੁਖ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਘੁਮਾਣ, ਲਖਵਿੰਦਰ ਕੌਰ ਪਤਨੀ ਬਚਿੱਤਰ ਸਿੰਘ ਵਾਸੀ ਭਾਮ ਅਤੇ ਬਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਚਰਾਵਾ ਦੇ ਘਰਾਂ ‘ਚ ਏਜੰਸੀ ਵੱਲੋਂ ਜਾਂਚ ਜਾਰੀ ਹੈ।