05/10/2024 10:34 AM

STF ਦੀ ਕਾਰਵਾਈ,ਕਰੋੜਾ ਦੀ ਹੈਰੋਇਨ ਸਣੇ 2 ਤਸਕਰ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਪੈਸ਼ਲ ਟਾਸਕ ਫੋਰਸ (STF) ਨੇ ਅੰਮ੍ਰਿਤਸਰ ‘ਚ ਕਾਰਵਾਈ ਕਰਦੇ ਵੱਡੀ ਕਮਾਯਬੀ ਹਾਸਲ ਕੀਤੀ ਹੈ। ਲੁਧਿਆਣਾ ਦੀ STF ਟੀਮ ਨੇ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਤਸਕਰਾਂ ਕੋਲੋਂ 56 ਕਰੋੜ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਦੱਸ ਦੇਈਏ ਕਿ ਇਹ ਕਾਰਵਾਈ ਲੁਧਿਆਣਾ STF ਮੁਹਾਲੀ-4 ਦੇ ਸਬ ਇੰਸਪੈਕਟਰ ਮੱਖਣ ਸਿੰਘ ਵੱਲੋਂ ਕੀਤੀ ਗਈ ਹੈ। ਸਬ-ਇੰਸਪੈਕਟਰ ਮੱਖਣ ਸਿੰਘ ਨੂੰ ਦੋਵਾਂ ਮੁਲਜ਼ਮਾਂ ਬਾਰੇ ਗੁਪਤ ਸੂਚਨਾ ਮਿਲੀ ਸੀ ਕਿ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਇਕੱਠੀ ਕਰਨ ਜਾ ਰਹੇ ਹਨ। ਜਿਸ ਤੋਂ ਬਾਅਦ ਸਬ-ਇੰਸਪੈਕਟਰ ਨੇ ਯੋਜਨਾ ਬਣਾ ਕੇ ਦੋਵਾਂ ਨੂੰ ਟਰੇਸ ਕੀਤਾ ਅਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਕਾਬੂ ਕੀਤੇ ਗਏ ਦੋਵੇਂ ਤਸਕਰਾਂ ਦੀ ਪਛਾਣ ਅਨਮੋਲ ਸਿੰਘ ਵਾਸੀ ਘਰਿੰਡਾ ਅਤੇ ਹੀਰਾ ਸਿੰਘ ਵਾਸੀ ਦਲੇਕੇ ਲੋਪੋਕੇ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਭੱਜਦੇ ਹੋਏ ਚੋਗਾਵਾਂ ਰੋਡ ਪਿੰਡ ਰਣੀਕੇ ਨੇੜੇ ਭੈਰੋਵਾਲ ਪੁੱਜੇ ਸਨ। ਜਿੱਥੇ ਪੁਲਿਸ ਨੇ ਦੋਵਾਂ ਨੂੰ ਘੇਰ ਲਿਆ। ਜਦੋਂ ਦੋਵਾਂ ਤਸਕਰਾਂ ਦੀ ਤਲਾਸ਼ੀ ਲਈ ਗਈ ਤਾਂ ਦੋਵਾਂ ਕੋਲੋਂ ਕਰੀਬ 8 ਕਿਲੋ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ IPC ਦੀ ਧਾਰਾ 21 ਅਤੇ NDPS ਐਕਟ ਦੀ ਧਾਰਾ 29 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।