ਲੁਧਿਆਣਾ ਸ਼ਹਿਰ ਦੇ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਹੋਟਲ ਹਯਾਤ ਰੀਜੈਂਸੀ ‘ਚ ਬੰਬ ਦੀ ਧਮਕੀ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਸਾਰੇ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਹੋਟਲ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ। ਬਾਅਦ ‘ਚ ਪੰਜਾਬ ਪੁਲਿਸ ਦੇ ਇਨਪੁਟ ‘ਤੇ ਦਿੱਲੀ ਪੁਲਿਸ ਨੇ ਦਵਾਰਕਾ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਨੌਜਵਾਨ ਨੇ ਹੋਟਲ ਮੈਨੇਜਰ ਨੂੰ ਵਟਸਐਪ ‘ਤੇ ਮੈਸੇਜ ਭੇਜ ਕੇ ਧਮਕੀ ਦਿੱਤੀ।
ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜਿਵੇਂ ਹੀ ਵਟਸਐਪ ‘ਤੇ ਮੈਸੇਜ ਆਇਆ ਤਾਂ ਮੈਨੇਜਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੰਯੁਕਤ ਪੁਲਿਸ ਕਮਿਸ਼ਨਰ (ਜੇਸੀਪੀ ਸਿਟੀ) ਸੌਮਿਆ ਮਿਸ਼ਰਾ, ਡੀਸੀਪੀ ਵਰਿੰਦਰ ਬਰਾੜ, ਏਡੀਸੀਪੀ ਸਮੀਰ ਵਰਮਾ ਅਤੇ ਹੋਰ ਅਧਿਕਾਰੀ ਹੋਟਲ ਪੁੱਜੇ।
ਪੁਲਿਸ ਦੀ ਡੌਗ ਸਕੁਐਡ ਅਤੇ ਫੋਰਸ ਵੀ ਹੋਟਲ ਪਹੁੰਚ ਗਈ ਅਤੇ ਬੰਬ ਦੀ ਜਾਂਚ ਸ਼ੁਰੂ ਕਰ ਦਿੱਤੀ। ਜਿਸ ਨੰਬਰ ਤੋਂ ਮੈਸੇਜ ਆਇਆ ਸੀ, ਉਸ ਨੰਬਰ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਨੰਬਰ ਦਿੱਲੀ ਦੇ ਦਵਾਰਕਾ ‘ਚ ਰਹਿਣ ਵਾਲੇ ਇਕ ਨੌਜਵਾਨ ਦਾ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਨੂੰ ਫੜ ਲਿਆ ਗਿਆ। ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਨੌਜਵਾਨ ਮਾਨਸਿਕ ਤੌਰ ’ਤੇ ਬਿਮਾਰ ਹੈ। ਇਸ ਤੋਂ ਪਹਿਲਾਂ ਉਹ ਗੋਆ, ਧਰਮਸ਼ਾਲਾ ਅਤੇ ਮੁੰਬਈ ਦੇ ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦੇ ਚੁੱਕਾ ਹੈ।