ਬੇਸ਼ੱਕ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਸੂਬਾ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਹੇਠਾਂ ਜਾ ਰਿਹਾ ਹੈ। ਇਹ ਦਾਅਵਾ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਹੁਣ ਤੱਕ 13ਵੇਂ ਸਥਾਨ ’ਤੇ ਹੈ, ਜਦਕਿ ਖੇਲੋ ਇੰਡੀਆ ਯੂਥ ਖੇਡਾਂ 2022 ਦੌਰਾਨ ਪੰਜਾਬ ਨੌਂਵੇਂ ਸਥਾਨ ’ਤੇ ਰਿਹਾ ਸੀ। ਦੂਜੇ ਪਾਸੇ ਹਰਿਆਣਾ ਇਸ ਵਾਰ ਦੂਜੇ ਸਥਾਨ ’ਤੇ ਪੁੱਜ ਚੁੱਕਿਆ ਹੈ।
ਪ੍ਰਤਾਪ ਬਾਜਵਾ ਨੇ ਖੇਲੋ ਇੰਡੀਆ ਯੂਥ ਖੇਡਾਂ 2023 ਵਿੱਚ ਪੰਜਾਬ ਦੇ ਅਥਲੀਟਾਂ ਦੇ ਸਭ ਤੋਂ ਖ਼ਰਾਬ ਪ੍ਰਦਰਸ਼ਨ ਮਗਰੋਂ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਸੂਬੇ ਵਿੱਚ ਖੇਡ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਤੇ ਅਥਲੀਟਾਂ ਨੂੰ ਬਿਹਤਰ ਮਾਹੌਲ ਮੁਹੱਈਆ ਕਰਵਾਉਣ ਦੀ ਥਾਂ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਵੱਡੇ ਸਮਾਗਮ ’ਤੇ ਲਾਪ੍ਰਵਾਹੀ ਨਾਲ ਖ਼ਰਚਾ ਕਰ ਰਹੀ ਹੈ।
ਬਾਜਵਾ ਨੇ ਕਿਹਾ ਕਿ ਕੁਝ ਆਨਲਾਈਨ ਖੇਡ ਪੋਰਟਲਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ, ਪੰਜਾਬ ਹੁਣ ਤੱਕ 13ਵੇਂ ਸਥਾਨ ’ਤੇ ਹੈ, ਜਦਕਿ ਖੇਲੋ ਇੰਡੀਆ ਯੂਥ ਖੇਡਾਂ 2022 ਦੌਰਾਨ ਪੰਜਾਬ ਨੌਂਵੇਂ ਸਥਾਨ ’ਤੇ ਰਿਹਾ ਸੀ। ਦੂਜੇ ਪਾਸੇ ਹਰਿਆਣਾ ਇਸ ਵਾਰ ਦੂਜੇ ਸਥਾਨ ’ਤੇ ਪੁੱਜ ਚੁੱਕਿਆ ਹੈ।