ਪੰਜਾਬ ਵਿੱਚ ਉਸਾਰੀ ਕਾਰਜ ਪ੍ਰਭਾਵਿਤ ਹੋ ਸਕਦੇ ਹਨ। ਸੂਤਰਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਇੱਟਾਂ ਦੇ ਭਾਅ ਅਸਮਾਨੀ ਚੜ੍ਹ ਸਕਦੇ ਹਨ। ਇਸ ਦਾ ਮੁੱਖ ਕਾਰਨ ਪੰਜਾਬ ਅੰਦਰ ਇੱਟਾਂ ਦੇ ਭੱਠਿਆਂ ਦਾ ਕੰਮ ਬੰਦ ਹੋਣਾ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ 1500 ਦੇ ਕਰੀਬ ਭੱਠੇ ਬੰਦ ਹੋ ਚੁੱਕੇ ਹਨ।
ਹਾਸਲ ਜਾਣਕਾਰੀ ਮੁਤਾਬਕ ਕੇਂਦਰ ਤੇ ਪੰਜਾਬ ਸਰਕਾਰ ਤੇ ਕੋਲਾ ਮਾਫੀਆ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਭੱਠਿਆਂ ‘ਤੇ ਸੰਕਟ ਹੋਰ ਡੂੰਘਾ ਹੋ ਗਿਆ ਹੈ। ਪੰਜਾਬ ਵਿੱਚ ਇਸ ਵੇਲੇ 2800 ਭੱਠੇ ਹਨ। ਇਨ੍ਹਾਂ ਵਿੱਚੋਂ 1500 ਭੱਠੇ ਬੰਦ ਹੋ ਚੁੱਕੇ ਹਨ ਜਦਕਿ ਬਾਕੀ ਬੰਦ ਹੋਣ ਦੇ ਕੰਢੇ ਹਨ। ਇਸ ਦਾ ਮੁੱਖ ਕਾਰਨ ਕੋਲੇ ਦੀਆਂ ਕੀਮਤਾਂ ਵਿੱਚ 8,000 ਰੁਪਏ ਪ੍ਰਤੀ ਟਨ ਤੱਕ ਦਾ ਵਾਧਾ ਹੈ।
ਪੰਜਾਬ ਇੱਟ ਭੱਠਾ ਐਸੋਸੀਏਸ਼ਨ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਦਖਲ ਦੇ ਕੇ ਕੋਲੇ ਦੀ ਕੀਮਤ ਘਟਾਉਣ ਦੀ ਅਪੀਲ ਕੀਤੀ ਹੈ। ਭੱਠਾ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੋਲੇ ਦੇ ਕਾਰੋਬਾਰ ‘ਤੇ ਪੰਜ ਤੋਂ ਛੇ ਵੱਡੇ ਕਾਰੋਬਾਰੀਆਂ ਦਾ ਕੰਟਰੋਲ ਹੈ। ਇਨ੍ਹਾਂ ਕਾਰੋਬਾਰੀਆਂ ਨੇ ਪੂਲ ਬਣਾ ਕੇ ਕੋਲੇ ਦੀ ਕੀਮਤ ਵਧਾ ਦਿੱਤੀ ਹੈ। ਉਹ ਮਨਚਾਹੇ ਮੁੱਲ ‘ਤੇ ਕੋਲਾ ਵੇਚ ਰਹੇ ਹਨ।
ਭੱਠਾ ਐਸੋਸੀਏਸ਼ਨ ਮੁਤਾਬਕ ਕੋਲੇ ਦੀ ਕੀਮਤ 13 ਹਜ਼ਾਰ ਰੁਪਏ ਪ੍ਰਤੀ ਟਨ ਤੋਂ ਵਧ ਕੇ 21 ਹਜ਼ਾਰ ਰੁਪਏ ਪ੍ਰਤੀ ਟਨ ਹੋ ਗਈ ਹੈ। ਇਸ ਦੇ ਨਾਲ ਹੀ ਟਰਾਂਸਪੋਰਟਰਾਂ ਨੇ ਵੀ ਭਾੜੇ ਵਿੱਚ 500 ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਸ ਨਾਲ ਉਸਾਰੀ ਖੇਤਰ ‘ਤੇ ਮਾੜਾ ਅਸਰ ਪੈ ਰਿਹਾ ਹੈ। ਹੁਣ ਭੱਠਾ ਮਾਲਕ ਜਲਦੀ ਹੀ ਇੱਟਾਂ ਦੀ ਕੀਮਤ ਵਧਾਉਣ ਦਾ ਐਲਾਨ ਕਰ ਸਕਦੇ ਹਨ।