ਜੀ-20 ਸੰਮੇਲਨ ਅੰਮ੍ਰਿਤਸਰ ‘ਚ ਹੀ ਹੋਏਗਾ। ਕੇਂਦਰ ਸਰਕਾਰ ਵੱਲੋਂ ਇਸ ਨੂੰ ਕਿਸੇ ਹੋਰ ਸ਼ਹਿਰ ਵਿੱਚ ਤਬਦੀਲ ਕਰਨ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਪੰਜਾਬ ਸਰਕਾਰ ਨੇ ਵੀ ਜੀ-20 ਸੰਮੇਲਨ ਦੇ ਪ੍ਰੋਗਰਾਮ ਰੱਦ ਹੋਣ ਦੀਆਂ ਖਬਰਾਂ ਨੂੰ ਅਫਵਾਹ ਦੱਸਿਆ ਹੈ। ਐਤਵਾਰ ਨੂੰ ਕੁਝ ਕਾਂਗਰਸੀ ਲੀਡਰਾਂ ਨੇ ਵੀ ਦਾਅਵਾ ਕੀਤਾ ਸੀ ਕਿ ਜੀ-20 ਸੰਮੇਲਨ ਰੱਦ ਹੋ ਗਿਆ ਹੈ। ਇਸ ਮਗਰੋਂ ਕੇਂਦਰ ਤੇ ਪੰਜਾਬ ਸਰਕਾਰ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚ 19 ਤੇ 20 ਮਾਰਚ ਨੂੰ ਜੀ-20 ਸੰਮੇਲਨ ਹੋ ਰਿਹਾ ਹੈ। ਐਤਵਾਰ ਨੂੰ ਜੀ-20 ਸੰਮੇਲਨ ਰੱਦ ਹੋਣ ਸਬੰਧੀ ਫੈਲੀ ਜਾਣਕਾਰੀ ਝੂਠੀ ਅਫਵਾਹ ਸਾਬਤ ਹੋਈ ਹੈ। ਇਸ ਗੱਲ ਦੀ ਪੁਸ਼ਟੀ ਕੇਂਦਰ ਸਰਕਾਰ ਦੇ ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਕੀਤੀ ਹੈ। ਇਸ ਸੰਮੇਲਨ ’ਚ ਜੀ-20 ਦੇਸ਼ਾਂ ਦੇ ਕਿਰਤ ਨਾਲ ਸਬੰਧਤ ਡੈਲੀਗੇਟ ਸ਼ਾਮਲ ਹੋਣਗੇ ਜੋ ਕਿਰਤ ਸਬੰਧੀ ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਵਿਚਾਰ-ਚਰਚਾ ਕਰਨਗੇ। ਇਸ ਤੋਂ ਇਲਾਵਾ ਜੀ-20 ਸੰਮੇਲਨ ’ਚ ਆਉਣ ਵਾਲੇ ਡੈਲੀਗੇਟਾਂ ਨੂੰ ਪੰਜਾਬ ਦੇ ਸੱਭਿਆਚਾਰ ਤੇ ਸੰਸਕ੍ਰਿਤੀ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀ-20 ਸੰਮੇਲਨ ਰੱਦ ਹੋਣ ਵਾਲੀ ਜਾਣਕਾਰੀ ਨੂੰ ਨਕਾਰਿਆ ਸੀ। ਸੀਐਮ ਮਾਨ ਨੇ ਕਿਹਾ ਸੀ ਕਿ ਪੰਜਾਬ ਦੇ ਅੰਮ੍ਰਿਤਸਰ ’ਚ ਜੀ-20 ਸੰਮੇਲਨ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਦਰਅਸਲ ਐਤਵਾਰ ਨੂੰ ਸਵੇਰੇ ਕੁਝ ਸਿਆਸੀ ਆਗੂਆਂ ਵੱਲੋਂ ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਰੱਦ ਹੋਣ ਦਾ ਦਾਅਵਾ ਕੀਤਾ ਗਿਆ ਸੀ। ‘ਆਪ’ ਦੇ ਬੁਲਾਰੇ ਨੇ ਕਿਹਾ ਕਿ ਅੰਮ੍ਰਿਤਸਰ ’ਚ ਜੀ-20 ਸੰਮੇਲਨ ਤੈਅ ਸਮੇਂ ’ਤੇ ਹੋਵੇਗਾ।
ਉਧਰ, ਅੱਜ ਸ਼੍ਰੀ ਅਨੰਦਪੁਰ ਸਾਹਿਬ ਪੁਹੰਚੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹਵਾ ‘ਚ ਹੀ ਸੂਤਰਾਂ ‘ਤੇ ਵਿਸ਼ਵਾਸ ਨਾ ਕਰਿਆ ਕਰੋ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰਨ ਜਾਂ ਫਿਰ ਬਦਨਾਮ ਕਰਨ ਤੋਂ ਪਹਿਲਾਂ ਘੱਟੋ-ਘੱਟ ਕਾਗਜ਼-ਪੱਤਰ ਤਾਂ ਲੈ ਆਉਣ। ਉਨ੍ਹਾਂ ਕਿਹਾ ਕਿ ਜੀ-20 ਦੀ ਬੈਠਕ ਅੰਮ੍ਰਿਤਸਰ ‘ਚ ਹੀ ਹੋਵੇਗੀ।
ਸੀਐਮ ਮਾਨ ਨੇ ਮੀਡੀਆ ਨੂੰ ਬੇਨਤੀ ਕੀਤੀ ਕਿ ਗਲਤ ਖਬਰਾਂ ਨਾ ਦਿਖਾਉਣ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਬਿਆਨ ਦਿੱਤੇ ਕਿ ਜੀ-20 ਸਮਾਗਮ ਅੰਮ੍ਰਿਤਸਰ ਤੋਂ ਵਾਪਸ ਲੈ ਲਿਆ ਹੈ ਪਰ ਉਹ ਪਹਿਲਾਂ ਆਪਣੀ ਪਾਰਟੀ ਨਾਲ ਤਾਂ ਗੱਲ ਕਰ ਲੈਂਦੇ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ‘ਚ ਸਿੱਖਿਆ ਪੱਧਰ ‘ਤੇ ਜੀ-20 ਕਾਨਫਰੰਸ ਹੋਵੇਗੀ। ਅਸੀਂ ਉਨ੍ਹਾਂ ਨੂੰ ਰਾਮ ਤੀਰਥ ਲੈ ਕੇ ਜਾਵਾਂਗੇ, ਦੁਰਗਿਆਨਾ ਮੰਦਰ ਦਿਖਾਵਾਂਗੇ ਤੇ ਵਾਹਗਾ ਬਾਰਡਰ ‘ਤੇ ਰਿਟਰੀਟ ਦਿਖਾਵਾਂਗੇ। ਆਉਣ ਵਾਲੇ ਸਾਰੇ ਪਤਵੰਤਿਆਂ ਨੂੰ ਸ਼੍ਰੀ ਦਰਬਾਰ ਸਾਹਿਬ ਦਿਖਾਇਆ ਜਾਵੇਗਾ। ਉਨ੍ਹਾਂ ਨੂੰ ਜਲ੍ਹਿਆਂ ਵਾਲਾ ਬਾਗ ਦਿਖਾਇਆ ਜਾਵੇਗਾ। ਰਾਸ਼ਟਰਪਤੀ ਦਾਰੋਪਦੀ ਮੁਰਮੂ 9 ਨੂੰ ਅੰਮ੍ਰਿਤਸਰ ਆਉਣਗੇ।