ਜਲੰਧਰ : ਥਾਣਾ ਨੰਬਰ-6 ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਚੋਰੀ ਦੀ ਐਕਟਿਵਾ ਸਮੇਤ ਕਾਬੂ ਕਰ ਕੇ ਬਾਅਦ ਵਿਚ ਉਸ ਦੀ ਨਿਸ਼ਾਨਦੇਹੀ ਤੇ ਚੋਰੀ ਦੇ 7 ਹੋਰ ਵਾਹਨ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਆਦਿੱਤਿਆ ਕੁਮਾਰ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਜਗਦੀਸ਼ ਲਾਲ ਨੇ ਨਾਕਾਬੰਦੀ ਕੀਤੀ ਹੋਈ ਸੀ ਕਿ ਐਕਟਿਵਾ ‘ਤੇ ਆ ਰਹੇ ਇਕ ਨੌਜਵਾਨ ਨੂੰ ਰੋਕ ਕੇ ਜਦ ਉਸ ਕੋਲੋਂ ਐਕਟਿਵਾ ਦੇ ਕਾਗਜ਼ ਮੰਗੇ ਗਏ ਤਾਂ ਉਹ ਘਬਰਾ ਗਿਆ ਤੇ ਕਾਗਜ਼ ਦਿਖਾਉਣ ਵਿਚ ਟਾਲ-ਮਟੋਲ ਕਰਨ ਲੱਗਾ। ਜਦ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਇਹ ਐਕਟਿਵਾ ਚੋਰੀ ਦੀ ਹੈ, ਜਿਸ ‘ਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਅਦਾਲਤ ‘ਚੋਂ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਦੀ ਨਿਸ਼ਾਨਦੇਹੀ ‘ਤੇ ਉਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਲੁਕੋ ਕੇ ਰੱਖੇ ਹੋਏ ਸੱਤ ਹੋਰ ਦੋਪਹੀਆ ਵਾਹਨ ਬਰਾਮਦ ਕਰ ਲਏ। ਇਸ ਵਿਚ ਤਿੰਨ ਐਕਟਿਵਾ ਤੇ 4 ਮੋਟਰਸਾਈਕਲ ਸ਼ਾਮਲ ਸਨ। ਉਕਤ ਨੌਜਵਾਨ ਜਿਸ ਦੀ ਪਛਾਣ ਰੋਨੀਤ ਭੰਡਾਰੀ ਵਾਸੀ ਚੋਪੜਾ ਕਾਲੋਨੀ ਬਸਤੀ ਸ਼ੇਖ ਵਜੋਂ ਹੋਈ ਹੈ, ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਆਪਣੇ ਹੋਰ ਸਾਥੀਆਂ ਮੋਹਿਤ ਵਾਸੀ ਮਾਡਲ ਹਾਊਸ ਤੇ ਮਨੀ ਵਾਸੀ ਭਾਰਗਵ ਕੈਂਪ ਦੇ ਨਾਲ ਮਿਲ ਕੇ ਚੋਰੀਆਂ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੋਵਾਂ ਨੂੰ ਵੀ ਮਾਮਲੇ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਤਲਾਸ਼ ਵਿਚ ਪੁਲਿਸ ਛਾਪੇਮਾਰੀ ਕਰ ਰਹੀ ਹੈ।