ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬੀ ਹੋਣ ਦਾ ਦੋਸ਼ ਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਉਨ੍ਹਾਂ ‘ਤੇ ਇਹ ਦੋਸ਼ ਲਾਏ ਜਾ ਰਹੇ ਹਨ ਕਿ ਉਹ ਦਿਨ-ਰਾਤ ਸ਼ਰਾਬ ਵਿੱਚ ਟੱਲੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੋਈ ਦੱਸੇ ਕਿ 12 ਸਾਲਾਂ ਤੋਂ ਦਿਨ-ਰਾਤ ਸ਼ਰਾਬ ਪੀਣ ਵਾਲਾ ਅੱਜ ਜਿਊਂਦਾ ਹੈ? ਜੇ ਉਹ ਜਿਊਂਦਾ ਨਹੀਂ ਤਾਂ ਮੇਰੇ ਨਾਲ ਕਿਹੜਾ ਲੋਹੇ ਦਾ ਲਿਵਰ ਲੱਗਾ ਹੋਇਆ ਹੈ। ਜਦੋਂ ਲੋਕਾਂ ਕੋਲ ਕੁਝ ਨਹੀਂ ਹੁੰਦਾ ਤਾਂ ਉਹ ਅਜਿਹੇ ਦੋਸ਼ ਲਗਾਉਂਦੇ ਹਨ।
ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸੀ.ਐੱਮ. ਮਾਨ ਮਾਨ ਨੇ ਕਿਹਾ ਕਿ ਉਹ ਸਵੇਰੇ 6 ਵਜੇ ਉੱਠਦੇ ਹਨ ਅਤੇ ਪਹਿਲੀ ਫਾਈਲ ਮੰਗਵਾ ਲੈਂਦੇ ਹਨ। ਡੇਢ ਸਾਲ ਵਿੱਚ ਏਨਾ ਕੰਮ ਕਰ ਦਿੱਤਾ, ਜੋ 70 ਸਾਲਾਂ ਵਿੱਚ ਨਹੀਂ ਹੋਇਆ। ਪੰਜਾਬ ਵਿੱਚ 88 ਫੀਸਦੀ ਘਰਾਂ ਨੂੰ ਬਿਜਲੀ ਮੁਫਤ ਮਿਲਦੀ ਹੈ। ਸੂਬੇ ਵਿੱਚ ਬਿੱਲ ਦੋ ਮਹੀਨਿਆਂ ਬਾਅਦ ਆਉਂਦਾ ਹੈ, ਜਿਸ ਵਿੱਚ 600 ਯੂਨਿਟ ਮੁਫ਼ਤ ਹਨ। ਸਾਡੇ ਕੋਲ ਬਿਜਲੀ ਮੁਹੱਈਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਝਾਰਖੰਡ ਵਿੱਚ ਕੋਲੇ ਦੀ ਖਾਨ ਹੈ। ਇਹ 2015 ਤੋਂ ਬੰਦ ਪਿਆ ਸੀ। ਇਸ ਸਮੇਂ ਪੰਜਾਬ ਕੋਲ 52 ਦਿਨਾਂ ਤੋਂ ਕੋਲਾ ਪਿਆ ਹੈ। ਥਰਮਲ ਪਲਾਂਟਾਂ ਕੋਲ ਇੰਨਾ ਕੋਲਾ ਪਹਿਲਾਂ ਕਦੇ ਨਹੀਂ ਆਇਆ। ਜੇ ਕੰਮ ਕਰਨ ਦੀ ਇੱਛਾ ਹੋਵੇ ਤਾਂ ਕੋਈ ਵੀ ਕੰਮ ਕੀਤਾ ਜਾ ਸਕਦਾ ਹੈ।ਦਰਅਸਲ ਭਗਵੰਤ ਮਾਨ ‘ਤੇ ਸ਼ਰਾਬ ਪੀਣ ਦੇ ਦੋਸ਼ ਲੱਗਦੇ ਰਹੇ ਹਨ। ਦੱਸ ਦੇਈਏ ਕਿ ਜਨਵਰੀ 2019 ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੀ ਮਾਂ ਅਤੇ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਸ਼ਰਾਬ ਛੱਡਣ ਦੀ ਸਹੁੰ ਖਾਧੀ ਸੀ। ਹਾਲਾਂਕਿ, ਸ਼ਰਾਬ ਪੀਣ ਦੇ ਦੋਸ਼ਾਂ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ ਕਿਉਂਕਿ ਪਿਛਲੇ ਸਾਲ ਵਿਰੋਧੀ ਪਾਰਟੀਆਂ ਨੇ ਦਾਅਵਾ ਕੀਤਾ ਸੀ ਕਿ ਭਗਵੰਤ ਮਾਨ ਜਰਮਨੀ ਵਿੱਚ ਸ਼ਰਾਬ ਵਿੱਚ ਟੱਲੀ ਸਨ, ਜਿਸ ਕਾਰਨ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ ਸੀ। ‘ਆਪ’ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ।