ਜਲੰਧਰ ਥਾਣਾ ਨੰ. 1 ਐੱਸਐੱਚਓ ਵੱਲੋਂ ਅਪਮਾਨਿਤ ਕੀਤੇ ਜਾਣ ਤੋਂ ਪ੍ਰੇਸ਼ਾਨ ਦੋ ਸਕੇ ਭਰਾਵਾਂ ਨੇ ਦਰਿਆ ਬਿਆਸ ਵਿਚ ਛਲਾਂਗ ਲਗਾ ਦਿੱਤੀ। ਦੋਵੇਂ ਥਾਣਾ ਤਲਵੰਡੀ ਚੌਧਰੀਆਂ ਅਧੀਨ ਆਉਂਦੇ ਗੋਇੰਦਵਾਲ ਸਾਹਿਬ ਪੁਲ ਕੋਲ ਦਰਿਆ ਵਿਚ ਕੁੱਦੇ। ਪਰਿਵਾਰ ਤੇ ਪੁਲਿਸ ਦੋਵਾਂ ਦੀ ਭਾਲ ਕਰ ਰਹੀ ਹੈ।
ਸ਼ਿਕਾਇਤਕਰਤਾ ਮਾਨਵਦੀਪ ਸਿੰਘ ਵਾਸੀ ਮੋਗਾ ਹਾਲ ਵਾਸੀ ਜਲੰਧਰ ਨੇ ਦੱਸਿਆ ਕਿ ਉਹ 14 ਅਗਸਤ ਨੂੰ ਆਪਣੇ ਦੋਸਤ ੀਦ ਭੈਣ ਪਰਮਿੰਦਰ ਕੌਰ ਦੇ ਪਤੀ ਤੇ ਸਹੁਰੇ ਪਰਿਵਾਰ ਖਿਲਾਫ ਥਾਣਾ ਡਵੀਜ਼ਨ ਨੰ. 1 ਜਲੰਧਰ ਵਿਚ ਪੰਚਾਇਤ ਕਰਨ ਲਈ ਗਏ ਸਨ।ਉਸ ਦੇ ਬਾਅਦ ਮਾਨਵਜੀਤ ਸਿੰਘ ਢਿੱਲੋਂ ਤੇ ਉਸ ਦੇ ਦੋ ਦੋਸਤ ਵੀ ਨਾਲ ਗਏ ਸਨ। ਮਾਨਵਦੀਪ ਸਿੰਘ ਨੇ ਦੋਸ਼ ਲਗਾਇਆ ਕਿ ਥਾਣੇ ਜਾਣ ਦੇ ਬਾਅਦ ਮਾਨਵਜੀਤ ਸਿੰਘ ਢਿੱਲੋਂ ਨੇ ਐੱਸਐੱਚਓ ਨਵਦੀਪ ਸਿੰਘ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਹ ਬਹੁਤ ਬਦਤਮੀਜੀ ਨਾਲ ਬੋਲਿਆ ਤੇ 16 ਅਗਸਤ ਨੂੰ ਥਾਣੇ ਆਉਣ ਲਈ ਕਿਹਾ। 16 ਅਗਸਤ ਨੂੰ ਉਹ ਕਿਸੇ ਹੋਰ ਕੰਮ ਤੋਂ ਬਾਹਰ ਗਿਆ ਸੀ, ਇਸ ਲਈ ਭਗਵੰਤ ਸਿੰਘ, ਮਾਨਵਜੀਤ ਸਿੰਘ ਢਿੱਲੋਂ, ਉਸ ਦੇ ਦੋਸਤ ਦੀ ਮਾਂ ਦਵਿੰਦਰ ਕੌਰ, ਬਲਵਿੰਦਰ ਸਿੰਘ ਦੀ ਪਤਨੀ ਹੋਰ ਜਾਣਕਾਰ ਤੇ ਰਿਸ਼ਤੇਦਾਰ ਪੁਲਿਸ ਸਟੇਸ਼ਨ ਆਏ। ਉਥੇ ਦੂਜੀ ਧਿਰ ਵੀ ਮੌਜੂਦ ਸੀ। ਇਸ ਦੌਰਾਨ ਖੂਬ ਬਹਿਸ ਹੋਈ।
ਇਸ ਦਰਮਿਆਨ ਲੜਕੇ ਪੱਖ ਨੇ ਪਰਮਿੰਦਰ ਕੌਰ ਤੇ ਮਾਨਵਜੀਤ ਸਿੰਘ ਢਿੱਲੋਂ ਨਾਲ ਦੁਰਵਿਵਹਾਰ ਕੀਤਾ ਪਰ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਵਿਰੋਧੀ ਧਿਰ ਨੂੰ ਬਾਹਰ ਭੇਜਣ ਦੀ ਬਜਾਏ ਉਨ੍ਹਾਂ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ। ਕੁਝ ਦੇਰ ਬਾਅਦ ਪੁਲਿਸ ਮੁਲਾਜ਼ਮ ਮਾਨਵਜੀਤ ਸਿੰਘ ਢਿੱਲੋਂ ਨੂੰ SHO ਨਵਦੀਪ ਸਿੰਘ ਕੋਲ ਲੈ ਗਏ। ਕੁਝ ਦੇਰ ਬਾਅਦ ਥਾਣੇ ਦੇ ਅੰਦਰ ਤੋਂ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਪਰਿਵਾਰ ਅੰਦਰ ਗਿਆ ਤਾਂ ਉਨ੍ਹਾਂ ਦੇ ਸਾਹਮਣੇ ਮਾਨਵਜੀਤ ਸਿੰਘ ਢਿੱਲੋਂ ਨੂੰ ਥੱਪੜ ਮਾਰੇ ਜਿਸ ਨਾਲ ਉਸ ਦੀ ਪਗੜੀ ਉਤਰ ਗਈ। ਉਸ ਨੂੰ ਖੂਬ ਕੁੱਟਿਆ ਜਿਸ ਨਾਲ ਉਹ ਜ਼ਖਮੀ ਹੋ ਗਿਆ।
ਮਾਨਵਦੀਪ ਸਿੰਘ ਮੁਤਾਬਕ ਰਾਤ ਲਗਭਗ 8 ਵਜੇ ਮਾਨਵਜੀਤ ਸਿੰਘ ਢਿੱਲੋਂ ‘ਤੇ ਡੀਡੀਆਰ ਦਰਜ ਕਰਕੇ ਉਸ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ। ਜਦੋਂ ਮਾਨਵਜੀਤ ਦੇ ਛੋਟੇ ਭਰਾ ਜਸ਼ਨਬੀਰ ਨੂੰ ਪਤਾ ਲੱਗਾ ਤਾਂ ਉਸ ਨੇ ਇਸ ਨੂੰ ਦਿਲ ‘ਤੇ ਲੈ ਲਿਆ।ਅਗਲੇ ਦਿਨ ਸ਼ਾਮ ਨੂੰ ਮਾਨਵਜੀਤ ਸਿੰਘ ਢਿੱਲੋਂ ਨੂੰ ਜ਼ਮਾਨਤ ਮਿਲ ਗਏ ਤੇ ਉਹ ਘਰ ਆ ਗਿਆ। ਉੁਸ ਦਿਨ ਜਸ਼ਨਬੀਰ ਬਿਨਾਂ ਦੱਸੇ ਘਰ ਤੋਂ ਨਿਕਲ ਗਿਆ। ਮਾਨਵਜੀਤ ਨੇ ਜਸ਼ਨਬੀਰ ਨੂੰ ਫੋਨ ਕੀਤਾ ਕਿ ਤਾਂ ਉਸ ਨੇ ਕਿਹਾ ਕਿ SHO ਨੇ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਚੁੱਕਿਆ ਹੈ। ਉਸ ਦਾ ਮੰਨ ਕਰ ਰਿਹਾ ਹੈ ਕਿ ਦਰਿਆ ਵਿਚ ਕੁੱਦ ਕੇ ਮਰ ਜਾਵੇ। ਫੋਨ ‘ਤੇ ਗੱਲ ਕਰਦੇ-ਕਰਦੇ ਮਾਨਵਜੀਤ ਵੀ ਬਿਆਸ ‘ਤੇ ਬਣੇ ਗੋਇੰਦਵਾਲ ਸਾਹਿਬ ਵਾਲੇ ਪੁਲ ‘ਤੇ ਪਹੁੰਚ ਗਿਆ।ਇਸ ਦੌਰਾਨ ਜਸ਼ਨਬੀਰ ਨੇ ਪੁਲ ਤੋਂ ਛਾਲ ਮਾਰ ਦਿੱਤੀ ਜਿਸ ਦੇ ਬਾਅਦ ਮਾਨਵਜੀਤ ਵੀ ਉਸ ਦੇ ਪਿੱਛੇ ਕੁੱਦ ਗਿਆ। ਸੂਚਨਾ ਜਿਵੇਂ ਹੀ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੂੰ ਮਿਲੀ ਤਾਂਉਹ ਮੌਕੇ ‘ਤੇ ਪਹੁੰਚੀ ਤੇ ਮਾਨਵਜੀਤ ਤੇ ਜਸ਼ਨਬੀਰ ਦੀ ਭਾਲ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ SHO ਨਵਦੀਪ ਸਿੰਘ ਨੇ ਕਿਹਾ ਕਿ ਪੁਲਿਸ ‘ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਮਾਨਵਜੀਤ ਸਿੰਘ ਨੇ ਪੰਚਾਇਤ ਦੌਰਾਨ ਲੇਡੀ ਕਾਂਸਟੇਬਲ ਜਗਜੀਤ ਕੌਰ ਨਾਲ ਬਦਸਲੂਕੀ ਕੀਤੀ ਸੀ ਜਿਸ ਦੀ ਗਵਾਹੀ ਲੜਕੀ ਪੱਖ ਨੇ ਲਿਖਿਤ ਵਿਚ ਦਿੱਤੀ ਹੈ ਜਿਸ ਦੇ ਬਾਅਦ ਲੇਡੀ ਕਾਂਸਟੇਬਲ ਦੀ ਸ਼ਿਕਾਇਤ ‘ਤੇ ਕਾਰਵਾਈ ਕੀਤੀ ਸੀ। ਥਾਣਾ ਸੁਲਤਾਨਪੁਰ ਲੋਧੀ ਦੇ ਡੀਐੱਸਪੀ ਬਬਨਦੀਪ ਸਿੰਘ ਨੇ ਕਿਹਾ ਕਿ ਲਿਖਿਤ ਸ਼ਿਕਾਇਤ ਮਿਲੀ ਹੈ ਜਿਸ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਰਿਆ ਬਿਆਸ ਵਿਚ ਦੋਵੇਂ ਨੌਜਵਾਨਾਂ ਦੀ ਭਾਲ ਜਾਰੀ ਹੈ। ਜਾਂਚ ਦੇ ਬਾਅਦ ਮੁਲਜ਼ਮਾਂ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇਗੀ।