ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਸਰਕਾਰ ਦੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ 3660 ਵਿੱਚੋਂ ਇੱਕ ਵੀ ਪਟਵਾਰੀ ਸਰਕਲ ਨੂੰ ਖ਼ਾਲੀ ਨਹੀਂ ਰਹਿਣ ਦਵੇਗੀ।
ਉਨ੍ਹਾਂ ਦਾ ਕਹਿਣਾ ਕਿ ਜਿਹੜੇ ਨਵੇਂ ਭਰਤੀ ਕੀਤੇ ਜਾਣ ਵਾਲੇ 741 ਪਟਵਾਰੀਆਂ ਨੂੰ 18 ਮਹੀਨਿਆਂ ਦੀ ਸਿਖਲਾਈ ‘ਤੇ ਭੇਜਿਆ ਗਿਆ ਹੈ, ਉਨ੍ਹਾਂ ਦੀ 15 ਮਹੀਨਿਆਂ ਦੀ ਸਿਖਲਾਈ ਪੂਰੀ ਹੋ ਚੁੱਕੀ ਹੈ ਅਤੇ ਹੁਣ ਉਨ੍ਹਾਂ ਨੂੰ ਫੌਰੀ ਤੌਰ ‘ਤੇ ਪਟਵਾਰ ਖਾਨਿਆਂ ‘ਚ ਡਿਊਟੀ ‘ਤੇ ਲਾ ਦਿੱਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ 710 ਅਜਿਹੇ ਉਮੀਦਵਾਰ ਨੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਸੌਂਪੇ ਗਏ ਹਨ। ਮਾਨ ਦਾ ਕਹਿਣਾ ਕਿ ਇਨ੍ਹਾਂ ਉਮੀਦਵਾਰਾਂ ਦੀ ਪੁਲਿਸ ਸ਼ਨਾਖਤ ਰਹਿੰਦੀ ਹੈ। ਜਿਸ ਕਰਕੇ ਗ੍ਰਹਿ ਵਿਭਾਗ ਨੂੰ ਵੀ ਮੁੰਕਮਲ ਕਾਰਵਾਈ ਨੂੰ ਤੁਰੰਤ ਪ੍ਰਭਾਵ ਨਾਲ ਆਰੰਭਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਸਰਕਾਰ ਦੀ ਇਸ ਕਾਰਵਾਈ ਨਾਲ ਜਿੱਥੇ ਹੁਣ 741 ਸਿਖਲਾਈ ਅਧੀਨ ਨਵੇਂ ਪਟਵਾਰੀਆਂ ਨੂੰ ਫੀਲਡ ਦਾ ਮੂੰਹ ਵੇਖਣਾ ਹੋਵੇਗਾ, ਉੱਥੇ ਹੀ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣ ਦਾ ਕੰਮ ਮਾਨ ਸਰਕਾਰ ਕਰਨ ਜਾ ਰਹੀ ਹੈ। ਇਸਦੇ ਨਾਲ ਹੀ 586 ਨਵੀਆਂ ਅਸਾਮੀਆਂ ਲਿਆਉਣ ਦਾ ਐਲਾਨ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਤਾ ਗਿਆ ਹੈ। ਮਾਨ ਨੇ ਦੱਸਿਆ ਕਿ ਮੈਰਿਟ ਦੇ ਅਧਾਰ ‘ਤੇ ਇਨ੍ਹਾਂ ਅਸਾਮੀਆਂ ਨੂੰ ਭਰਿਆ ਜਾਵੇਗਾ।
ਇਸ ਦੇ ਨਾਲ ਹੀ ਸੀ.ਐੱਮ. ਮਾਨ ਨੇ ਦੱਸਿਆ ਕਿ ਹੁਣ ਤੋਂ ਪਟਵਾਰੀਆਂ ਅਤੇ ਕੁਨੂੰਨਗੋ ਨੂੰ ਆਪਣੀ ਹਾਜ਼ਰੀਆਂ ਬਾਇਓਮੇਟ੍ਰਿਕ ਸਿਸਟਮ ਦੀ ਵਰਤੋਂ ਕਰਦਿਆਂ ਲਾਉਣੀ ਪਵੇਗੀ। ਦੱਸ ਦੇਈਏ ਕਿ ਬਾਇਓਮੇਟ੍ਰਿਕ ਸਿਸਟਮ ਇਲੈਕਟ੍ਰੋਨਿਕ ਫਿੰਗਰਪ੍ਰਿੰਟ ਦੀ ਵਰਤੋਂ ਰਾਹੀਂ ਹਾਜ਼ਰੀ ਲਾਉਣ ਨੂੰ ਆਖਿਆ ਜਾਂਦਾ ਹੈ।
ਸੀ.ਐੱਮ. ਮਾਨ ਦਾ ਕਹਿਣਾ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਸ਼ਕਾਇਤਾਂ ਮਿਲ ਰਹੀਆਂ ਨੇ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਕਿ ਮੁਲਾਜ਼ਮਾਂ ਨੇ ਬਹੁਤ ਹੀ ਘੱਟ ਤਨਖਾਵਾਂ ‘ਤੇ ਬੰਦੇ ਰੱਖੇ ਹੋਏ ਨੇ ਜੋ ਉਨ੍ਹਾਂ ਦੀ ਥਾਂ ‘ਤੇ ਮੁਲਾਜ਼ਮਾਂ ਦੀ ਹਾਜ਼ਰੀਆਂ ਭਰ ਦਿੰਦੇ ਨੇ, ਅਤੇ ਉਹ ਆਪ ਤਨ ਦੇਹੀ ਨਾਲ ਕੰਮ ਨਹੀਂ ਕਰਦੇ। ਜਿਸ ਕਰਕੇ ਮਾਨ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।