ਅੰਮ੍ਰਿਤਸਰ ਵਿੱਚ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਕਰਵਾਏ ਸਮਾਗਮ ਦੌਰਾਨ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਦਾ ਮੁੱਦਾ ਅੱਜ ਫਿਰ ਅਕਾਲੀ ਦਲ ਨੇ ਚੁੱਕਿਆ ਹੈ। ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆਂ ‘ਤੇ ਇੱਕ ਵੀਡੀਓ ਅਤੇ ਖ਼ਬਰ ਸਾਂਝੀ ਕੀਤੀ ਹੈ।
ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ। ਜੋ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸਪੀਚ ਦੇ ਰਹੇ ਸਨ ਕਿ ਅਸੀਂ ਸੂਬੇ ਵਿੱਚ ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਸਬੰਧੀ ਹੀ ਕੰਮ ਲਵਾਂਗੇ ਹੋਰ ਕਿਸੇ ਥਾਂ ‘ਤੇ ਡਿਊਟੀ ਜਾਂ ਕੋਈ ਹੋਰ ਕੰਮ ਨਹੀਂ ਦੇਵਾਂਗੇ।
ਇਸ ‘ਤੇ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਕੁੱਝ ਹੋ ਹੋਰ ਹੈ ਅਤੇ ਕਰਦੀ ਕੁੱਝ ਹੋਰ ਹੈ। ਮਜੀਠੀਆ ਨੇ ਟਵੀਟ ਕਰਦੇ ਹੋਏ ਲਿਖਿਆ ਕਿ – ਸਭ ਤੋਂ ਵੱਡੇ ਝੂਠੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਹਨ….ਕਰਦੇ ਬਿਲਕੁਲ ਉਸ ਤੋਂ ਉਲਟ ਹਨ….ਸਬੂਤ ਲੋਕਾਂ ਸਾਹਮਣੇ ਹੈ….ਝੂਠ ਬੋਲੇ ਕਊਆ ਕਾਟੇ….ਸ਼ਰਮ ਕਰੋ ਪੰਜਾਬ ਨੂੰ ਲੁੱਟਣ ਵਾਲਿਓ..
ਜੋ ਸਰਕਾਰ ‘ਤੇ ਇਲਜ਼ਾਮ ਹਨ ਕਿ ਹਰ ਇੱਕ ਬੱਸ ਵਿੱਚ ਇੱਕ ਅਧਿਆਪਕ ਦੀ ਡਿਊਟੀ ਲਗਾਈ ਗਈ ਸੀ ਜੋ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਖਿਆਲ ਰੱਖੇਗਾ। ਉਹਨਾਂ ਨੂੰ ਘਰ ਲੈ ਕੇ ਆਉਣ ਅਤੇ ਸਮਾਗਮ ਵਿੱਚ ਪਹੁੰਚਣ ਤੋਂ ਪਹਿਲਾਂ ਉਹਨਾਂ ਨੁੰ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਦੇਣ ਸਬੰਧੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਜਿਸ ‘ਤੇ ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਅਤੇ ਬੀਜੇਪੀ ਨੇ ਵੀ ਸਵਾਲ ਖੜ੍ਹੇ ਕੀਤੇ ਸਨ ਕਿ ਮਾਨ ਸਰਕਾਰ ਨੇ ਤਾਂ ਕਿਹਾ ਸੀ ਕਿ ਅਸੀਂ ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਸਬੰਧੀ ਹੀ ਕੰਮ ਲਵਾਂਗੇ ਪਰ ਇੱਥੇ ਕੁੱਝ ਹੋਰ ਹੀ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਹੁਣ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਸ਼ੇਅਰ ਕਰਕੇ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।