ਨੇਮਾਰ ਨੇ ਪਹਿਲਾਂ ਪੈਨਲਟੀ ਹਾਸਲ ਕੀਤੀ ਤੇ ਫਿਰ ਉਸ ਨੂੰ ਗੋਲ ‘ਚ ਬਦਲਿਆ ਜਿਸ ਨਾਲ ਪੈਰਿਸ ਸੇਂਟ-ਜਰਮੇਨ (ਪੀ. ਐਸ. ਜੀ.) ਨੇ ਫ੍ਰੈਂਚ ਫੁੱਟਬਾਲ ਲੀਗ ਦੇ ਇਕ ਮੈਚ ‘ਚ ਜ਼ਿਆਦਾਤਰ ਸਮੇਂ ਪਿਛੜਨ ਦੇ ਬਾਵਜੂਦ ਮੋਨਾਕੋ ਨਾਲ 1-1 ਨਾਲ ਡਰਾਅ ਖੇਡਿਆ। ਐਤਵਾਰ ਨੂੰ ਖੇਡੇ ਗਏ ਇਸ ਮੈਚ ‘ਚ ਨੇਮਾਰ ਨੇ ਲਿਓਨੇਲ ਮੇਸੀ ਦੇ ਪਾਸ ‘ਤੇ ਮੋਨਾਕੋ ਦੇ ਡਿਫੈਂਡਰ ਗੁਇਲੇਰਮੋ ਮਾਰਿਪਨ ਦੀ ਗਲਤੀ ਨਾਲ ਪੈਨਲਟੀ ‘ਤੇ ਗੋਲ ਕੀਤਾ।
ਰੈਫਰੀ ਨੇ ਪਹਿਲਾਂ ਪੈਨਲਟੀ ਨਹੀਂ ਦਿੱਤੀ ਪਰ ਵੀਡੀਓ ਸਮੀਖਿਆ ਤੋਂ ਬਾਅਦ ਉਸ ਨੇ ਪੀ. ਐਸ. ਜੀ. ਨੂੰ ਪੈਨਲਟੀ ਦਿੱਤੀ ਜਿਸ ਨੂੰ ਨੇਮਾਰ ਨੇ ਗੋਲ ਵਿੱਚ ਬਦਲਣ ਵਿੱਚ ਕੋਈ ਗਲਤੀ ਨਹੀਂ ਕੀਤੀ। ਫਰੈਂਚ ਲੀਗ ਵਿੱਚ ਨੇਮਾਰ ਦਾ ਇਹ 6ਵਾਂ ਅਤੇ ਪਿਛਲੇ 5 ਮੈਚਾਂ ਵਿੱਚ ਕੁੱਲ 8ਵਾਂ ਗੋਲ ਹੈ। PSG ਦੇ ਹੁਣ 10 ਅੰਕ ਹਨ ਅਤੇ ਉਹ ਗੋਲ ਫਰਕ ਨਾਲ ਪੁਰਾਣੇ ਵਿਰੋਧੀ ਮਾਰਸੇਲੀ ਅਤੇ ਲੈਂਸ ਤੋਂ ਅੱਗੇ ਹੈ। ਮੋਨਾਕੋ ਦੀ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਅਤੇ 20ਵੇਂ ਮਿੰਟ ਵਿੱਚ ਗੋਲ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਅੰਕ ਸਾਂਝੇ ਕਰਨੇ ਪਏ।