05/14/2024 8:34 AM

ਸਰਦੀਆਂ ‘ਚ ਰੋਜਾਨਾ ਨਹਾਉਣ ਵਾਲੇ ਸਾਵਧਾਨ! ਫਾਇਦੇ ਦੀ ਬਜਾਏ ਸਰੀਰ ਨੂੰ ਹੋ ਸਕਦਾ ਨੁਕਸਾਨ

ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਘਰ ਦੇ ਬੱਚੇ ਤਾਂ ਛੱਡੇ ਇੱਥੋਂ ਤੱਕ ਕਿ ਵੱਡੇ ਵੀ ਕਈ ਵਾਰ ਨਹਾਉਣ ਤੋਂ ਇਨਕਾਰ ਕਰ ਦਿੰਦੇ ਹਨ। ਠੰਢ ਦੇ ਮੌਸਮ ‘ਚ ਲੋਕ ਸਵੇਰੇ-ਸਵੇਰੇ ਨਹਾਉਣਾ ਨਹੀਂ ਚਾਹੁੰਦੇ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਹੀ ਨਹਾਉਂਦੇ ਹਨ। ਉਂਝ ਤਾਂ ਤੁਸੀਂ ਅਕਸਰ ਸੁਣਿਆ ਹੀ ਹੋਵੇਗਾ ਕਿ ਰੋਜ਼ਾਨਾ ਨਹਾਉਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਪਰ, ਅੱਜ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਇੱਕ ਵੱਖਰੀ ਗੱਲ ਦੱਸਣ ਜਾ ਰਹੇ ਹਾਂ ਜੋ ਤੁਸੀਂ ਸ਼ਾਇਦ ਹੀ ਪਹਿਲਾਂ ਕਿਤੇ ਪੜ੍ਹੀ ਜਾਂ ਸੁਣੀ ਹੋਵੇਗੀ।

ਦਰਅਸਲ, ਜੇਕਰ ਤੁਸੀਂ ਸਰਦੀ ਦੇ ਮੌਸਮ ‘ਚ ਰੋਜ਼ਾਨਾ ਇਸ਼ਨਾਨ ਨਹੀਂ ਕਰਦੇ ਹੋ ਤਾਂ ਇਸ ਦੇ ਵੀ ਅਨੇਕਾਂ ਫਾਇਦੇ ਹਨ। ਜੀ ਹਾਂ, ਸਰਦੀਆਂ ਵਿੱਚ ਰੋਜ਼ਾਨਾ ਨਾ ਨਹਾਉਣ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ-

ਰੋਜ਼ਾਨਾ ਨਹਾਉਣਾ ਜ਼ਰੂਰੀ ਨਹੀਂ
ਜੇਕਰ ਤੁਸੀਂ ਸਰਦੀ ਦੇ ਮੌਸਮ ‘ਚ ਰੋਜ਼ਾਨਾ ਇਸ਼ਨਾਨ ਕਰਦੇ ਹੋ ਤਾਂ ਤੁਹਾਡੀ ਚਮੜੀ ਐਲਰਜੀ ਦਾ ਸ਼ਿਕਾਰ ਹੋ ਸਕਦੀ ਹੈ। ਇਸ ਵਿੱਚ ਲੋੜ ਤੋਂ ਵੱਧ ਨਮੀ ਆਉਣ ਲੱਗਦੀ ਹੈ। ਚਮੜੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਹਰ ਰੋਜ਼ ਇਸ ਲਈ ਨਹਾਉਂਦੇ ਹਨ ਕਿ ਉਹ ਗੰਦੇ ਹੋ ਗਏ ਹਨ। ਕਈ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਚਮੜੀ ਵਿੱਚ ਆਪਣੇ ਆਪ ਨੂੰ ਸਾਫ਼ ਕਰਨ ਦੀ ਬਿਹਤਰ ਸਮਰੱਥਾ ਹੁੰਦੀ ਹੈ। ਜੇਕਰ ਕੋਈ ਵਿਅਕਤੀ ਜਿੰਮ ਨਹੀਂ ਜਾਂਦਾ, ਮਿੱਟੀ ਵਿੱਚ ਨਹੀਂ ਰਹਿੰਦਾ ਤਾਂ ਉਸ ਲਈ ਰੋਜ਼ਾਨਾ ਨਹਾਉਣਾ ਜ਼ਰੂਰੀ ਨਹੀਂ।

ਰੋਜ਼ਾਨਾ ਨਹਾਉਣ ਨਾਲ ਚਮੜੀ ਖੁਸ਼ਕ ਹੋ ਜਾਂਦੀ
ਆਮ ਤੌਰ ‘ਤੇ ਸਰਦੀਆਂ ਦੇ ਮੌਸਮ ‘ਚ ਲੋਕ ਗਰਮ ਪਾਣੀ ਨਾਲ ਇਸ਼ਨਾਨ ਕਰਦੇ ਹਨ। ਜ਼ਿਆਦਾ ਦੇਰ ਤੱਕ ਗਰਮ ਪਾਣੀ ਨਾਲ ਨਹਾਉਣਾ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸਾਡੀ ਚਮੜੀ ਖੁਸ਼ਕ ਹੋਣ ਲੱਗਦੀ ਹੈ। ਗਰਮ ਪਾਣੀ ਨਾਲ ਕੁਦਰਤੀ ਤੇਲ ਸਰੀਰ ਤੋਂ ਬਾਹਰ ਚਲੇ ਜਾਂਦੇ ਹਨ। ਸਰੀਰ ਵਿੱਚ ਪੈਦਾ ਹੋਣ ਵਾਲੇ ਇਹ ਕੁਦਰਤੀ ਤੇਲ ਸਰੀਰ ਨੂੰ ਨਮ ਤੇ ਸੁਰੱਖਿਅਤ ਰੱਖਦੇ ਹਨ।

ਨਹੁੰਆਂ ਨੂੰ ਨੁਕਸਾਨ
ਹਰ ਰੋਜ਼ ਗਰਮ ਪਾਣੀ ਨਾਲ ਨਹਾਉਣ ਨਾਲ ਨਹੁੰਆਂ ਨੂੰ ਨੁਕਸਾਨ ਹੁੰਦਾ ਹੈ। ਨਹਾਉਂਦੇ ਸਮੇਂ ਸਾਡੇ ਨਹੁੰ ਪਾਣੀ ਨੂੰ ਸੋਖ ਲੈਂਦੇ ਹਨ ਤੇ ਫਿਰ ਉਹ ਨਰਮ ਹੋ ਜਾਂਦੇ ਹਨ ਤੇ ਟੁੱਟ ਜਾਂਦੇ ਹਨ। ਗਰਮ ਪਾਣੀ ਨਾਲ ਨਹਾਉਣ ਨਾਲ ਨਹੁੰਆਂ ਦਾ ਕੁਦਰਤੀ ਤੇਲ ਨਿਕਲ ਜਾਂਦਾ ਹੈ, ਜਿਸ ਨਾਲ ਉਹ ਸੁੱਕੇ ਤੇ ਕਮਜ਼ੋਰ ਹੋ ਜਾਂਦੇ ਹਨ।

ਇਮਿਊਨਿਟੀ ਪ੍ਰਭਾਵਿਤ ਹੁੰਦੀ
ਅਧਿਐਨ ਦਰਸਾਉਂਦੇ ਹਨ ਕਿ ਜੇਕਰ ਤੁਸੀਂ ਰੋਜ਼ਾਨਾ ਠੰਢ ਵਿੱਚ ਨਹਾਉਂਦੇ ਹੋ, ਤਾਂ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ। ਦੁਨੀਆ ਭਰ ਦੇ ਚਮੜੀ ਦੇ ਮਾਹਿਰ ਇਸ ਗੱਲ ਨਾਲ ਸਹਿਮਤ ਹਨ ਕਿ ਠੰਢੇ ਮੌਸਮ ਵਿੱਚ ਰੋਜ਼ਾਨਾ ਨਹਾਉਣਾ ਲਾਭਦਾਇਕ ਨਹੀਂ।

ਪਾਣੀ ਦੀ ਬੱਚਤ
ਜੇਕਰ ਤੁਸੀਂ ਹਰ ਰੋਜ਼ ਨਹੀਂ ਨਹਾਉਂਦੇ ਹੋ, ਤਾਂ ਤੁਸੀਂ ਪਾਣੀ ਦੀ ਬੱਚਤ ਕਰ ਰਹੇ ਹੋ। ਇੱਕ ਅਧਿਐਨ ਮੁਤਾਬਕ ਹਰ ਰੋਜ਼ ਇੱਕ ਵਿਅਕਤੀ ਦੇ ਨਹਾਉਣ ਵਿੱਚ 55 ਲੀਟਰ ਪਾਣੀ ਬਰਬਾਦ ਹੁੰਦਾ ਹੈ।

ਚੰਗੇ ਬੈਕਟੀਰੀਆ ਮਰਦੇ
ਮਾਹਿਰਾਂ ਦਾ ਕਹਿਣਾ ਹੈ ਕਿ ਸਾਡੀ ਚਮੜੀ ਚੰਗੇ ਬੈਕਟੀਰੀਆ ਪੈਦਾ ਕਰਦੀ ਹੈ ਜੋ ਸਰੀਰ ਨੂੰ ਸਿਹਤਮੰਦ ਰੱਖਦੇ ਹਨ ਤੇ ਰਸਾਇਣਕ ਜ਼ਹਿਰਾਂ ਤੋਂ ਬਚਾਉਂਦੇ ਹਨ। ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸੀ.ਬ੍ਰੈਂਡਨ ਮਿਸ਼ੇਲ ਦਾ ਕਹਿਣਾ ਹੈ ਕਿ ਰੋਜ਼ਾਨਾ ਨਹਾਉਣ ਨਾਲ ਚਮੜੀ ਤੋਂ ਕੁਦਰਤੀ ਤੇਲ ਨਿਕਲਦਾ ਹੈ। ਇਸ ਨਾਲ ਸਾਡੇ ਸਰੀਰ ਦੇ ਚੰਗੇ ਬੈਕਟੀਰੀਆ ਵੀ ਦੂਰ ਹੋ ਜਾਂਦੇ ਹਨ ਤੇ ਸਾਡੀ ਇਮਿਊਨਿਟੀ ਸਿਸਟਮ ਕਮਜ਼ੋਰ ਹੋਣ ਲੱਗਦੀ ਹੈ।