ਜਲੰਧਰ, 28 ਮਾਰਚ (EN) ਆਬਕਾਰੀ ਵਿਭਾਗ ਵਲੋਂ ਅੱਜ ਸਥਾਨਕ ਰੈਡ ਕਰਾਸ ਭਵਨ ਵਿਖੇ ਜਲੰਧਰ ਅਤੇ ਐਸ.ਬੀ.ਐਸ.ਨਗਰ ਜ਼ਿਲ੍ਹਿਆਂ ਵਿੱਚ ਪੈਂਦੇ 26 ਸ਼ਰਾਬ ਦੇ ਗਰੁੱਪਾਂ ਵਿਚੋਂ 17 ਗਰੁੱਪਾਂ ਦੇ ਸਫ਼ਲਤਾਪੂਰਵਕ ਡਰਾਅ ਕੱਢੇ ਗਏ ਅਤੇ 09 ਗਰੁੱਪਾਂ ਜਿਨ੍ਹਾਂ ਵਿੱਚ 7 ਜਲੰਧਰ ਅਤੇ 2 ਐਸ.ਬੀ.ਐਸ.ਨਗਰ ਸ਼ਾਮਿਲ ਹਨ ਦੇ ਡਰਾਅ ਕੱਢਣੇ ਬਾਕੀ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਬਕਾਰੀ ਪਰਮਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਅਤੇ ਰਾਜੀਵ ਵਰਮਾ ਵਲੋਂ ਜਲੰਧਰ ਜ਼ਿਲ੍ਹੇ ਦੇ 21 ਅਤੇ ਐਸ.ਬੀ.ਐਸ.ਨਗਰ ਦੇ 5 ਸ਼ਰਾਬ ਗਰੁੱਪਾਂ ਸਬੰਧੀ ਪ੍ਰਕਿਰਿਆ ਦੀ ਸ਼ੁਰੂਆਤ ਕਰਵਾਈ ਗਈ। ਡਿਪਟੀ ਕਮਿਸ਼ਨਰ ਆਬਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਡਰਾਅ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕੱਢਿਆ ਗਿਆ। ਸਫ਼ਲ ਬੋਲੀਕਾਰ ਜਿਨਾਂ ਵਲੋਂ ਨੀਲਾਮੀ ਵਿੱਚ ਹਿੱਸਾ ਲਿਆ ਗਿਆ ਨੂੰ ਸ਼ਰਾਬ ਗਰੁੱਪਾਂ ਦੀ ਅਲਾਟਮੈਂਟ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਵਿਭਾਗ ਨੂੰ ਨਿਲਾਮੀ ਲਈ 1000 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਸਫ਼ਲ ਬੋਲੀਕਾਰਾਂ ਵਲੋਂ ਗਰੁੱਪ ਦੀ ਬਣਦੀ ਰਕਮ ਦਾ ਤਿੰਨ ਫੀਸਦੀ ਵਿਭਾਗ ਪਾਸ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਜਲੰਧਰ ਜ਼ਿਲ੍ਹੇ ਵਿੱਚ ਪੈਂਦੇ 21 ਗਰੁੱਪਾਂ ਵਿੱਚੋਂ 14 ਗਰੁੱਪ ਨਗਰ ਨਿਗਮ ਜਲੰਧਰ ਦੀ ਹਦੂਦ ਅੰਦਰ ਅਤੇ 7 ਗਰੁੱਪ ਦਿਹਾਤੀ ਖੇਤਰਾਂ ਵਿੱਚ ਆਉਂਦੇ ਹਨ। ਉਨ੍ਹਾਂ ਦੱਸਿਆ ਕਿ 842 ਅਰਜ਼ੀਆਂ ਜਲੰਧਰ ਜ਼ਿਲ੍ਹਾ ਅਤੇ 238 ਅਰਜੀਆਂ ਐਸ.ਬੀ.ਐਸ.ਨਗਰ ਲਈ ਪ੍ਰਾਪਤ ਹੋਈਆਂ ਸਨ।