ਜੇਕਰ ਤੁਸੀਂ ਹਿਮਾਚਲ ਜਾ ਰਹੇ ਹੋ ਅਤੇ ਐਡਵੈਂਚਰ ਐਕਟੀਵਿਟੀ ਲਈ ਕੁੱਲੂ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਹਿਮਾਚਲ ਸਰਕਾਰ ਵੱਲੋਂ ਕੁੱਲੂ ਵਿੱਚ ਫੁਟਕਲ ਐਡਵੈਂਚਰ ਐਕਟੀਵਿਟੀਜ਼ ਰੂਲ ਅਤੇ ਐਚਪੀ ਏਅਰੋ ਸਪੋਰਟਸ ਰੂਲ ਤਹਿਤ ਮਾਨਸੂਨ ਸੀਜ਼ਨ ਦੌਰਾਨ 15 ਜੁਲਾਈ ਤੋਂ 15 ਸਤੰਬਰ ਤੱਕ ਸਾਰੀਆਂ ਐਡਵੈਂਚਰ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਐਸ.ਡੀ.ਐਮਜ਼ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਅਜਿਹੀ ਸਥਿਤੀ ਵਿੱਚ ਜ਼ਿਲ੍ਹੇ ਭਰ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ਜਿਵੇਂ ਪੈਰਾਗਲਾਈਡਿੰਗ, ਰਿਵਰ ਰਾਫਟਿੰਗ, ਰਿਵਰ ਕਰਾਸਿੰਗ, ਟ੍ਰੈਕਿੰਗ ਅਤੇ ਹੋਰ ਸਾਹਸੀ ਗਤੀਵਿਧੀਆਂ ‘ਤੇ 2 ਮਹੀਨਿਆਂ ਲਈ ਪਾਬੰਦੀ ਰਹੇਗੀ।
ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਿਆ ਨਾਲਿਆਂ ਦੇ ਆਲੇ-ਦੁਆਲੇ ਕੈਂਪਿੰਗ ਸਾਈਟਾਂ ਨੂੰ ਹਟਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ, ਤਾਂ ਜੋ ਬਰਸਾਤਾਂ ਦੇ ਮੌਸਮ ਦੌਰਾਨ ਦਰਿਆ ਨਾਲਿਆਂ ਦੇ ਆਸ-ਪਾਸ ਅਚਾਨਕ ਹੜ੍ਹਾਂ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ, ਇਸ ਸਬੰਧੀ ਪ੍ਰਸ਼ਾਸਨ ਵੱਲੋਂ ਅਡਵਾਈਜ਼ਰੀ ਆਦੇਸ਼ ਜਾਰੀ ਕੀਤੇ ਗਏ ਹਨ।ਕੁੱਲੂ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਡਵੈਂਚਰ ਗਤੀਵਿਧੀਆਂ ਨਿਯਮਾਂ ਅਤੇ ਐਚਪੀ ਏਅਰੋ ਸਪੋਰਟਸ ਨਿਯਮਾਂ ਦੇ ਤਹਿਤ 15 ਜੁਲਾਈ ਤੋਂ 15 ਸਤੰਬਰ ਤੱਕ ਮਾਨਸੂਨ ਸੀਜ਼ਨ ਦੌਰਾਨ ਐਡਵੈਂਚਰ ਗਤੀਵਿਧੀਆਂ ‘ਤੇ ਪੂਰਨ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕੁੱਲੂ ਜ਼ਿਲ੍ਹੇ ਵਿੱਚ ਪੈਰਾਗਲਾਈਡਿੰਗ, ਰਿਵਰ ਰਾਫਟਿੰਗ, ਟ੍ਰੈਕਿੰਗ, ਰਿਵਰ ਕਰਾਸਿੰਗ ਅਤੇ ਹੋਰ ਸਾਹਸੀ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।