ਦੁਬਈ ਵਿੱਚ ਪਿਛਲੇ 2 ਸਾਲਾਂ ਤੋਂ ਖੱਜਲ ਖੁਆਰ ਹੋ ਰਹੇ ਭਾਰਤੀ ਨੌਜਵਾਨ ਦੀ MP ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਭਾਰਤ ਵਾਪਸੀ ਹੋਈ ਹੈ। ਦੱਸ ਦਈਏ ਕਿ ਦੁਬਈ ਉੱਥੇ ਅਮਰਜੀਤ ਗਿੱਲ ਨੇ ਕਾਫ਼ੀ ਤਸ਼ੱਦਦ ਝੱਲਿਆ। ਦਰਅਸਲ ਉਥੇ ਅਮਰਜੀਤ ਗਿੱਲ ਦਾ ਫੋਨ ਉਸ ਦੇ ਕਿਸੇ ਸਾਥੀ ਵੱਲੋਂ ਵਰਤਿਆ ਗਿਆ ਤੇ ਫੋਨ ਕਰਕੇ ਪੁਲਿਸ ਅਧਿਕਾਰੀ ਨੂੰ ਗਾਲੀ ਗਲੋਚ ਕੀਤਾ ਗਿਆ। ਜਿਸ ਤੋਂ ਬਾਅਦ ਉਸ ਦਾ ਅੰਜਾਮ ਅਮਰਜੀਤ ਗਿੱਲ ਨੂੰ ਭੁਗਤਣਾ ਪਿਆ ਤੇ 15 ਦਿਨ ਜੇਲ੍ਹ ਵਿੱਚ ਵੀ ਰਹਿਣਾ ਪਿਆ।
ਅਮਰਜੀਤ ਜਦੋਂ ਵੀ ਭਾਰਤ ਵਾਪਸ ਆਉਣਾ ਚਾਹੁੰਦਾ ਤਾਂ ਦੁਬਈ ਦੀ ਅੰਬੈਸੀ ਉਸ ਨੂੰ ਵਾਪਸ ਭੇਜ ਦਿੰਦੀ। ਉਹ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਪਰ ਕੰਪਨੀ ਉਸਨੂੰ ਪੈਸੇ ਵੀ ਨਹੀਂ ਦਿੰਦੀ ਅਤੇ ਕਈ ਵਾਰ ਉਸਨੂੰ ਖਾਣ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ। ਇਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਅਮਰਜੀਤ ਗਿੱਲ ਨੂੰ ਭਾਰਤ ਵਾਪਸ ਲਿਆਉਣ ਲਈ ਯਤਨ ਸ਼ੁਰੂ ਕਰ ਦਿੱਤੇ। ਪਰਿਵਾਰ ਵੱਲੋਂ ਕਈ ਵਾਰ ਟਿਕਟ ਵੀ ਕਰਵਾਈ ਪਰ ਅਮਰਜੀਤ ਨੂੰ 3 ਵਾਰ ਏਅਰਪੋਰਟ ਤੋਂ ਵਾਪਿਸ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਪਰਿਵਾਰ ਨੇ ਕਪੂਰਥਲਾ ਦੇ ਇਕ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਨੇ ਵੀ ਉਹਨਾਂ ਤੋਂ ਲੱਖਾਂ ਰੁਪਏ ਵਸੂਲ ਲਏ ਪਰ ਉਨ੍ਹਾਂ ਦੀ ਮਦਦ ਨਹੀਂ ਕੀਤੀ।
ਅਮਰਜੀਤ ਦੇ ਪਰਿਵਾਰ ਨੇ ਥੱਕ ਹਾਰ ਕੇ ਸੰਤ ਸੀਚੇਵਾਲ ਤੱਕ ਸੰਪਰਕ ਸਾਧਿਆ ਅਤੇ ਉਹਨਾਂ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਅਮਰਜੀਤ ਗਿੱਲ ਦੀ ਸਹੀ ਸਲਾਮਤ ਵਾਪਸੀ ਕਰਵਾਈ। ਇਸ ਮੌਕੇ ਪਰਿਵਾਰ MP ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਅਤੇ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇੰਡੀਆ ਵਿੱਚ ਰਹਿ ਕੇ ਹੀ ਆਪਣਾ ਕੰਮ ਕਾਰਜ ਕਰਨ।