ਦਿੱਲੀ ਦੇ ਰੰਗਪੁਰੀ ਇਲਾਕੇ ਵਿੱਚ ਇੱਕ ਪਿਤਾ ਨੇ ਆਪਣੀਆਂ ਚਾਰ ਧੀਆਂ ਸਮੇਤ ਜੀਵਨ ਲੀਲਾ ਸਮਾਪਤ ਕਰ ਲਈ। 50 ਸਾਲਾ ਹੀਰਾ ਲਾਲ ਆਪਣੇ ਪਰਿਵਾਰ ਨਾਲ ਰੰਗਪੁਰੀ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਸ ਦੀਆਂ ਚਾਰ ਧੀਆਂ ਵੀ ਸਨ, ਚਾਰੇ ਧੀਆਂ ਅਪਾਹਜ ਸਨ। ਅਪਾਹਜ ਹੋਣ ਕਾਰਨ ਧੀਆਂ ਕਿਤੇ ਜਾਣ ਤੋਂ ਅਸਮਰੱਥ ਸਨ। ਪਤਨੀ ਦੀ ਮੌਤ ਹੋਣ ਕਾਰਨ ਉਸ ਦੀਆਂ ਧੀਆਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਹੀਰਾ ਲਾਲ ਦੇ ਮੋਢਿਆਂ ‘ਤੇ ਆ ਗਈ। ਹੀਰਾ ਲਾਲ ਦੇ ਘਰ ‘ਚੋਂ ਬਦਬੂ ਆਉਣ ‘ਤੇ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਨੇ ਦਰਵਾਜ਼ਾ ਤੋੜਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ।
ਇਹ ਘਟਨਾ ਸ਼ੁੱਕਰਵਾਰ ਨੂੰ ਦਿੱਲੀ ਦੇ ਪਿੰਡ ਰੰਗਪੁਰੀ ਦੀ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੀਆਂ ਚਾਰ ਧੀਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਣ ‘ਤੇ ਪੁਲਸ ਨੇ ਫਲੈਟ ਦਾ ਤਾਲਾ ਤੋੜ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਚਾਰੇ ਧੀਆਂ ਅਪਾਹਜ ਹੋਣ ਕਾਰਨ ਤੁਰਨ-ਫਿਰਨ ਤੋਂ ਅਸਮਰੱਥ ਸਨ। ਡੀਸੀਪੀ ਰੋਹਿਤ ਮੀਨਾ ਅਨੁਸਾਰ ਵਸੰਤ ਕੁੰਜ ਦੱਖਣੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਸੰਤ ਕੁੰਜ ਸਥਿਤ ਸਪਾਈਨਲ ਇੰਜਰੀ ਹਸਪਤਾਲ ਵਿੱਚ ਤਰਖਾਣ ਦਾ ਕੰਮ ਕਰਦੇ ਹੀਰਾ ਲਾਲ ਨੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਿਭਾਈ। ਸ਼ੁੱਕਰਵਾਰ ਨੂੰ ਹੀਰਾ ਲਾਲ ਦੇ ਫਲੈਟ ‘ਚੋਂ ਬਦਬੂ ਆਉਣ ਲੱਗੀ। ਇਸ ‘ਤੇ ਸੜਕ ਦੇ ਦੂਜੇ ਪਾਸੇ ਸਥਿਤ ਘਰ ਦੇ ਇਕ ਵਿਅਕਤੀ ਨੇ ਪੁਲਿਸ ਨੂੰ ਫੋਨ ਕਰਕੇ ਬਦਬੂ ਆਉਣ ਦੀ ਸੂਚਨਾ ਦਿੱਤੀ। ਜਦੋਂ ਵਸੰਤ ਕੁੰਜ ਸਾਊਥ ਪੁਲਿਸ ਫਲੈਟ ‘ਤੇ ਪਹੁੰਚੀ ਤਾਂ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਪਰਿਵਾਰ ਕਈ ਦਿਨਾਂ ਤੋਂ ਨਜ਼ਰ ਨਹੀਂ ਆ ਰਿਹਾ ਸੀ। ਜਦੋਂ ਪੁਲਿਸ ਨੇ ਮਕਾਨ ਮਾਲਕ ਅਤੇ ਹੋਰ ਲੋਕਾਂ ਦੀ ਹਾਜ਼ਰੀ ਵਿੱਚ ਦਰਵਾਜ਼ਾ ਤੋੜਿਆ ਤਾਂ ਅੰਦਰੋਂ ਭਿਆਨਕ ਬਦਬੂ ਆਉਣ ਲੱਗੀ। ਜਦੋਂ ਪੁਲਿਸ ਕਮਰੇ ਵਿੱਚ ਦਾਖ਼ਲ ਹੋਈ ਤਾਂ ਪਹਿਲੇ ਕਮਰੇ ਦੇ ਬੈੱਡ ’ਤੇ ਹੀਰਾ ਲਾਲ ਦੀ ਲਾਸ਼ ਪਈ ਸੀ। ਦੂਜੇ ਕਮਰੇ ਵਿੱਚ ਚਾਰੇ ਧੀਆਂ ਦੀਆਂ ਲਾਸ਼ਾਂ ਮੰਜੇ ’ਤੇ ਪਈਆਂ ਸਨ।ਪੁਲਿਸ ਨੇ ਹੀਰਾ ਲਾਲ ਦੇ ਵੱਡੇ ਭਰਾ ਜੋਗਿੰਦਰ ਜੋ ਕਿ ਦਿੱਲੀ ਰਹਿੰਦੇ ਹਨ, ਨੂੰ ਘਟਨਾ ਦੀ ਸੂਚਨਾ ਦਿੱਤੀ ਸੀ। ਹਾਲਾਂਕਿ ਪੁਲਿਸ ਨੂੰ ਅਜੇ ਤੱਕ ਸੁਸਾਈਡ ਨੋਟ ਨਹੀਂ ਮਿਲਿਆ ਹੈ।