: ਗਨ ਕਲਚਰ ਖਿਲਾਫ ਪੰਜਾਬ ਸਰਕਾਰ ਦੀ ਮੁਹਿੰਮ ਉੱਪਰ ਉਸ ਵੇਲੇ ਸਵਾਲ ਉੱਠਣ ਲੱਗੇ ਜਦੋਂ ਸਰਕਾਰੀ ਮਾਲਖਾਨੇ ‘ਚੋਂ ਹੀ 13 ਲਾਇਸੈਂਸੀ ਹਥਿਆਰ ਗਾਇਬ ਪਾਏ ਗਏ। ਇਸ ਮਗਰੋਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਮੁਨਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਥਾਣਾ ਦਿਆਲਪੁਰਾ ਭਾਈਕਾ ਦੇ ਮਾਲਖ਼ਾਨੇ ਵਿੱਚੋਂ ਕੁਝ ਸਮਾਂ ਪਹਿਲਾਂ ਗ਼ਾਇਬ ਹੋਏ 13 ਲਾਇਸੈਂਸੀ ਹਥਿਆਰਾਂ ਦੇ ਮਾਮਲੇ ’ਚ ਸਥਾਨਕ ਥਾਣੇ ਵਿੱਚ ਤਤਕਾਲੀ ਮੁਨਸ਼ੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਦਿਆਲਪੁਰਾ ਭਾਈਕਾ ਤੋਂ ਥਾਣਾ ਭਗਤਾ ਭਾਈ ਵਿੱਚ ਤਬਦੀਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮਾਮਲਾ ਸਾਹਮਣੇ ਆਉਣ ਮਗਰੋਂ ਇਸ ਦੀ ਜਾਂਚ ਲਈ ਡੀਐਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਇੱਕ ‘ਸਿਟ’ ਬਣਾਈ ਗਈ ਸੀ। ਜਾਣਕਾਰੀ ਮੁਤਾਬਕ ‘ਸਿਟ’ ਵੱਲੋਂ ਆਪਣੀ ਰਿਪੋਰਟ ਐਸਐੱਸਪੀ ਬਠਿੰਡਾ ਨੂੰ ਸੌਂਪੇ ਜਾਣ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ ਥਾਣਾ ਦਿਆਲਪੁਰਾ ਭਾਈਕਾ ਵਿੱਚ ਤਤਕਾਲੀ ਮੁਨਸ਼ੀ ਹੈੱਡ ਕਾਂਸਟੇਬਲ ਸੰਦੀਪ ਸਿੰਘ ਖ਼ਿਲਾਫ਼ ਧਾਰਾ 409 ਤਹਿਤ ਕੇਸ ਦਰਜ ਕੀਤਾ ਹੈ। ਮੁਅੱਤਲ ਕੀਤਾ ਗਿਆ ਮੁਨਸ਼ੀ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।