ਪੰਜਾਬ ਡੈਸਕ – ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 6 ਮਹੀਨੇ ਪੂਰੇ ਹੋ ਗਏ ਹਨ, ਪਰ ਉਸਦੇ ਮਾਪੇ ਹਾਲੇ ਵੀ ਇਨਸਾਫ਼ ਦੀ ਉਡੀਕ ਵਿੱਚ ਹਨ। ਇਸੇ ਵਿਚਾਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤ ਦੀ ਮੌਤ ਦੇ ਇਨਸਾਫ਼ ਦੇ ਲਈ ਸਰਕਾਰ ਤੋਂ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਸਰਕਾਰ ਵੱਲੋਂ ਉਸ ‘ਤੇ 2 ਕਰੋੜ ਰੁਪਏ ਦਾ ਇਨਾਮ ਰੱਖਿਆ ਜਾਵੇ। ਜੇਕਰ ਸਰਕਾਰ ਕੋਲ ਪੈਸਾ ਨਹੀਂ ਹੈ ਤਾਂ ਮੈਂ ਆਪਣੀ ਜ਼ਮੀਨ ਵੇਚ ਕੇ 2 ਕਰੋੜ ਰੁਪਏ ਆਪਣੀ ਜੇਬ੍ਹ ਵਿਚੋਂ ਦਿਆਂਗਾ।ਇਸ ਤੋਂ ਅੱਗੇ ਸਰਕਾਰਾਂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ। ਲਾਰੈਂਸ ਵਰਗੀਆਂ ਕਤੀੜਾਂ ਨੂੰ ਮਾਰਨਾ ਕੋਈ ਵੱਡੀ ਗੱਲ ਨਹੀਂ ਹੈ । ਤੁਸੀ ਸਾਡਾ ਪੰਜਾਬ, ਸਾਡੀ ਜਵਾਨੀ ਗੈਂਗਸਟਰਾਂ ਦੇ ਹਵਾਲੇ ਕਰ ਰੱਖੀ ਹੈ ।ਇਸ ਤੋਂ ਅੱਗੇ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਲਾਰੈਂਸ ਤੇ ਜੱਗੂ ਨੂੰ ਬਚਾ ਰਹੀ ਹੈ। ਗੋਲਡੀ ਬਰਾੜ ਨੂੰ ਪੰਜਾਬ ਨਹੀਂ ਲਿਆਂਦਾ ਜਾ ਰਿਹਾ। ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਇਨ੍ਹਾਂ ਨੇ 3 ਜਵਾਨ ਬੱਚਿਆਂ ਦੀਆਂ ਜਾਨਾਂ ਲੈ ਲਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਤਾਂ ਚਲਾ ਗਿਆ, ਪਰ ਜਦੋਂ ਤੱਕ ਮੈਂ ਜ਼ਿੰਦਾ ਹਾਂ ਇਨ੍ਹਾਂ ਗੈਂਗਸਟਰਾਂ ਦੇ ਖਿਲਾਫ਼ ਬੋਲਦਾ ਰਹਾਂਗਾ।