ਕਿਸਾਨਾਂ ਦੇ ਧਰਨਿਆਂ ਕਰਕੇ ਪੰਜਾਬ ਵਿੱਚ 18 ਟੌਲ ਪਲਾਜ਼ੇ ਫਰੀ ਹਨ। ਇੱਕ ਪਾਸੇ ਲੋਕ ਖੁਸ਼ ਹਨ ਪਰ ਦੂਜੇ ਪਾਸੇ ਟੌਲ ਕੰਪਨੀਆਂ ਵਸੂਲੀ ਬੰਦ ਹੋਣ ਕਰਕੇ ਕਾਫੀ ਪ੍ਰੇਸ਼ਾਨ ਹਨ। ਅਹਿਮ ਗੱਲ ਹੈ ਕਿ ਕਿਸਾਨ ਹੁਣ ਇਨ੍ਹਾਂ ਟੌਲ ਪਲਾਜ਼ਿਆਂ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਸਦਾ ਲਈ ਚੁੱਕਣ ਲਈ ਦਬਾਅ ਬਣਾ ਰਹੇ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਟੌਲ ਪਲਾਜ਼ਿਆਂ ਖਿਲਾਫ ਅੰਦੋਲਨ ਖੜ੍ਹਾ ਹੋ ਸਕਦਾ ਹੈ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਲੱਗੇ ਟੌਲ ਪਲਾਜ਼ੇ ਗ਼ੈਰਕਾਨੂੰਨੀ ਹਨ ਕਿਉਂਕਿ ਜਦੋਂ ਕੋਈ ਵਿਅਕਤੀ ਵਾਹਨ ਖਰੀਦਦਾ ਹੈ ਤਾਂ ਉਹ ਪਹਿਲਾਂ ਹੀ ਰੋਡ ਟੈਕਸ ਭਰ ਦਿੰਦਾ ਹੈ, ਇਸ ਲਈ ਟੌਲ ਪਲਾਜ਼ਿਆਂ ਵੱਲੋਂ ਵਾਹਨ ਚਾਲਕਾਂ ਤੋਂ ਸੜਕਾਂ ਦੀ ਮੁਰੰਮਤ ਲਈ ਵਸੂਲਿਆ ਜਾਣ ਵਾਲਾ ਟੌਲ ਉਨ੍ਹਾਂ ਦੀ ਦੋਹਰੀ ਲੁੱਟ ਹੈ। ਉਨ੍ਹਾਂ ਕਿਹਾ ਕਿ ਇਹ ਦੋਹਰੀ ਲੁੱਟ ਹੁਣ ਹੋਰ ਨਹੀਂ ਹੋਣ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਰਾਜ ਤੇ ਕੌਮੀ ਮਾਰਗਾਂ ’ਤੇ ਲੱਗੇ ਸਾਰੇ ਟੌਲ ਪਲਾਜ਼ੇ ਪੁੱਟੇ ਜਾਣ।
ਉਂਝ ਕਿਸਾਨਾਂ ਨੇ ਟੌਲ ਪਲਾਜ਼ਿਆਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਇਸ ਧਰਨੇ ਦੌਰਾਨ ਪੂਰੇ ਮਹੀਨੇ ਦੀ ਤਨਖ਼ਾਹ ਉਨ੍ਹਾਂ ਨੂੰ ਟੌਲ ਪਲਾਜ਼ਾ ਕੰਪਨੀਆਂ ਤੋਂ ਦਿਵਾਈ ਜਾਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ 18 ਟੌਲ ਪਲਾਜ਼ਿਆਂ ਅੱਗੇ ਚੱਲ ਰਹੇ ਧਰਨੇ ਅੱਜ 6ਵੇਂ ਦਿਨ ਤੇ ਨੌਂ ਡੀਸੀ ਦਫਤਰਾਂ ਅੱਗੇ ਲੱਗੇ ਧਰਨੇ 25ਵੇਂ ਦਿਨ ਵੀ ਜਾਰੀ ਹਨ। ਇਸ ਮੌਕੇ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਜ਼ੀਰਾ ਮੋਰਚੇ ਵਿੱਚ ਜਬਰ ਬੰਦ ਨਾ ਕੀਤਾ ਗਿਆ ਤਾਂ ਸੂਬੇ ਭਰ ਵਿੱਚ ਜਾਮ ਲਾ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਮੌਕੇ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੋਸ਼ ਲਾਇਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ 50 ਪਿੰਡਾਂ ਦਾ ਪਾਣੀ ਖਰਾਬ ਕਰਨ ਤੇ ਹਜ਼ਾਰਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਅੱਗੇ ਪਿਛਲੇ ਲਗਪਗ ਪੰਜ ਮਹੀਨਿਆਂ ਤੋਂ ਪੱਕਾ ਮੋਰਚਾ ਲਾ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਥਾਨਕ ਲੋਕਾਂ ਤੇ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਖਦੇੜਨ ਲਈ ਸਰਕਾਰ ਨੇ ਪੁਲੀਸ ਬਲ ਦੀ ਵਰਤੋਂ ਕੀਤੀ ਹੈ, ਜਿਸ ਦੀ ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ