ਜੇ ਤੁਸੀਂ ਬੇਰੁਜ਼ਗਾਰ ਨੌਜਵਾਨ ਹੋ ਤਾਂ ਤੁਹਾਡੇ ਲਈ ਸਰਕਾਰ ਵੱਲੋਂ ਰਾਹਤ ਦੀ ਖਬਰ ਹੈ। ਗਣਤੰਤਰ ਦਿਵਸ ਮੌਕੇ ਛੱਤੀਸਗੜ੍ਹ ਸਰਕਾਰ ਨੇ ਨੌਜਵਾਨਾਂ ਲਈ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਕੀਤਾ ਹੈ। ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ (Bhupesh Baghel) ਨੇ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਮਹੀਨੇ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਕਹੀ ਹੈ। ਬਘੇਲ ਨੇ ਟਵੀਟ ਕੀਤਾ ਕਿ ਇਹ ਭੱਤਾ ਅਗਲੇ ਵਿੱਤੀ ਸਾਲ ਤੋਂ ਦਿੱਤਾ ਜਾਵੇਗਾ। ਦੱਸ ਦੇਈਏ ਕਿ ਕਾਂਗਰਸ ਵੱਲੋਂ 2018 ਦੇ ਚੋਣ ਪ੍ਰਚਾਰ ਦੌਰਾਨ ਬੇਰੁਜ਼ਗਾਰੀ ਭੱਤੇ ਦਾ ਵਾਅਦਾ ਕੀਤਾ ਗਿਆ ਸੀ।
15 ਸਾਲਾਂ ਬਾਅਦ ਸੱਤਾ ‘ਚ ਪਰਤੀ ਸੀ ਕਾਂਗਰਸ
ਇਸ ਚੋਣ ਵਾਅਦੇ ਦੇ ਆਧਾਰ ‘ਤੇ ਕਾਂਗਰਸ ਪਾਰਟੀ 15 ਸਾਲਾਂ ਬਾਅਦ ਮੁੜ ਸੱਤਾ ‘ਚ ਆਈ ਹੈ। ਪਾਰਟੀ ਦੀ ਤਰਫੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਅਗਲੇ ਵਿੱਤੀ ਸਾਲ ਤੋਂ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਮਹੀਨੇ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਇਸ ਸਮੇਂ ਸਕੀਮ ਲਈ ਮਾਪਦੰਡ, ਰਕਮ ਅਤੇ ਬਜਟ ਦੀ ਵੰਡ ‘ਤੇ ਕੰਮ ਕਰ ਰਹੀ ਹੈ।
ਸਰਕਾਰੀ ਅਧਿਕਾਰੀ ਇਸ ਸਮੇਂ ਬੇਰੁਜ਼ਗਾਰੀ ਭੱਤੇ ਲਈ ਰਾਜਸਥਾਨ ਮਾਡਲ ਦਾ ਅਧਿਐਨ ਕਰ ਰਹੇ ਹਨ। ਰਾਜਸਥਾਨ ਸਰਕਾਰ ‘ਮੁੱਖ ਮੰਤਰੀ ਯੁਵਾ ਸੰਬਲ ਯੋਜਨਾ’ ਤਹਿਤ ਨੌਜਵਾਨਾਂ ਨੂੰ 2019 ਤੋਂ ਬੇਰੁਜ਼ਗਾਰੀ ਭੱਤਾ ਦੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਛੱਤੀਸਗੜ੍ਹ ‘ਤੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 26.2 ਫੀਸਦੀ ਕਰਜ਼ਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਮਜ਼ਦੂਰਾਂ ਅਤੇ ਔਰਤਾਂ ਲਈ ਕਈ ਲੋਕ ਭਲਾਈ ਸਕੀਮਾਂ ਦਾ ਐਲਾਨ ਵੀ ਕੀਤਾ।