ਲਾਈਫਸਟਾਈਲ ਡੈਸਕ : ਅੱਜ-ਕੱਲ੍ਹ ਬਦਲਦੀ ਜੀਵਨਸ਼ੈਲੀ ਕਾਰਨ ਲੋਕਾਂ ਦੀ ਸਿਹਤ ’ਤੇ ਕਾਫ਼ੀ ਅਸਰ ਪੈ ਰਿਹਾ ਹੈ। ਇਸ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਵਿਗੜਦੀ ਜੀਵਨਸ਼ੈਲੀ ਅਤੇ ਵਧਦੇ ਕੰਮ ਦੇ ਬੋਝ ਕਾਰਨ ਅੱਜ-ਕੱਲ੍ਹ ਲੋਕਾਂ ਦੀ ਨੀਂਦ ਚੱਕਰ ਵੀ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹੀਂ ਦਿਨੀਂ ਲੋਕਾਂ ਵਿਚ ਇਨਸੌਮਨੀਆ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ ’ਚ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾਤਰ ਲੋਕ ਨੀਂਦ ਦੀਆਂ ਗੋਲੀਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ।
ਕਈ ਲੋਕ ਰਾਤ ਨੂੰ ਨੀਂਦ ਪੂਰੀ ਕਰਨ ਲਈ ਹਰ ਰੋਜ਼ ਨੀਂਦ ਦੀਆਂ ਗੋਲੀਆਂ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਨਿਯਮਿਤ ਤੌਰ ’ਤੇ ਨੀਂਦ ਦੀਆਂ ਗੋਲੀਆਂ ਖਾਣ ਨਾਲ ਤੁਹਾਡੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ? ਜੇ ਤੁਸੀਂ ਵੀ ਉਨ੍ਹਾਂ ਲੋਕਾਂ ’ਚ ਹੋ ਜੋ ਨੀਂਦ ਲੈਣ ਲਈ ਰੋਜ਼ਾਨਾ ਨੀਂਦ ਦੀਆਂ ਗੋਲੀਆਂ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਨੀਂਦ ਦੀਆਂ ਗੋਲੀਆਂ ਦਾ ਲਗਾਤਾਰ ਸੇਵਨ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਕੋਮਾ ’ਚ ਜਾਣ ਦਾ ਖਤਰਾ
ਜੇ ਤੁਸੀਂ ਰੋਜ਼ਾਨਾ ਜ਼ਿਆਦਾ ਨੀਂਦ ਦੀਆਂ ਗੋਲੀਆਂ ਖਾ ਰਹੇ ਹੋ ਤਾਂ ਤੁਸੀਂ ਕੋਮਾ ’ਚ ਜਾ ਸਕਦੇ ਹੋ। ਦਰਅਸਲ ਲਗਾਤਾਰ ਜ਼ਿਆਦਾ ਗੋਲੀਆਂ ਲੈਣ ਨਾਲ ਕੋਮਾ ’ਚ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ।
ਯਾਦਦਾਸ਼ਤ ਹੋ ਜਾਂਦੀ ਹੈ ਕਮਜ਼ੋਰ
ਲੰਬੇ ਸਮੇਂ ਤਕ ਨੀਂਦ ਦੀਆਂ ਗੋਲੀਆਂ ਲੈਣ ਨਾਲ ਨਾ ਸਿਰਫ ਸਰੀਰਕ ਸਗੋਂ ਮਾਨਸਿਕ ਤੌਰ ’ਤੇ ਵੀ ਕਈ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ। ਦਰਅਸਲ ਰੋਜ਼ਾਨਾ ਨੀਂਦ ਦੀਆਂ ਗੋਲੀਆਂ ਖਾਣ ਨਾਲ ਤੁਹਾਡੇ ਦਿਮਾਗ ’ਤੇ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ।
ਖੂਨ ਦੇ ਥੱਕੇ
ਨੀਂਦ ਦੀਆਂ ਗੋਲੀਆਂ ਦਾ ਲਗਾਤਾਰ ਸੇਵਨ ਤੁਹਾਡੇ ਨਰਵਸ ਸਿਸਟਮ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜੇ ਤੁਸੀਂ ਨਿਯਮਿਤ ਤੌਰ ’ਤੇ ਨੀਂਦ ਦੀਆਂ ਗੋਲੀਆਂ ਦਾ ਸੇਵਨ ਕਰ ਰਹੇ ਹੋ, ਤਾਂ ਇਸ ਕਾਰਨ ਤੁਹਾਡੀ ਦਿਮਾਗੀ ਪ੍ਰਣਾਲੀ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਨਰਵਸ ਸਿਸਟਮ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਇੰਨਾ ਹੀ ਨਹੀਂ ਇਸ ਕਾਰਨ ਖੂਨ ਦੀਆਂ ਨਾੜੀਆਂ ’ਚ ਖੂਨ ਦੇ ਥੱਕੇ ਵੀ ਬਣ ਜਾਂਦੇ ਹਨ।
ਸਾਹ ਦੀ ਸਮੱਸਿਆ
ਨੀਂਦ ਦੀਆਂ ਗੋਲੀਆਂ ਦਾ ਸੇਵਨ ਉਨ੍ਹਾਂ ਲੋਕਾਂ ਲਈ ਵੀ ਬਹੁਤ ਨੁਕਸਾਨਦਾਇਕ ਹੁੰਦਾ ਹੈ, ਜਿਨ੍ਹਾਂ ਨੂੰ ਸੌਂਦੇ ਸਮੇਂ ਘੁਰਾੜੇ ਮਾਰਨ ਦੀ ਆਦਤ ਹੁੰਦੀ ਹੈ। ਦਰਅਸਲ ਜੇ ਤੁਸੀਂ ਨੀਂਦ ਦੀਆਂ ਗੋਲੀਆਂ ਖਾਂਦੇ ਹੋ, ਤਾਂ ਕਈ ਵਾਰ ਸਾਹ ਰੁਕ ਜਾਂਦਾ ਹੈ, ਜੋ ਤੁਹਾਡੇ ਲਈ ਘਾਤਕ ਹੋ ਸਕਦਾ ਹੈ।
ਦਿਲ ਦਾ ਖਤਰਾ
ਨੀਂਦ ਦੀਆਂ ਦਵਾਈਆਂ ਦਾ ਲਗਾਤਾਰ ਸੇਵਨ ਕਰਨ ਨਾਲ ਦਿਲ ਦੇ ਦੌਰੇ ਦਾ ਖਤਰਾ ਵੀ ਕਾਫੀ ਵੱਧ ਜਾਂਦਾ ਹੈ। ਨੀਂਦ ਦੀਆਂ ਗੋਲੀਆਂ ਵਿੱਚ ਮੌਜੂਦ ਜੋਪੀਡੇਮ ਨਾਮਕ ਤੱਤ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਨਾਲ ਹੀ ਇਨ੍ਹਾਂ ਦਵਾਈਆਂ ਕਾਰਨ ਦਿਲ ਦੀ ਕੰਮ ਕਰਨ ਦੀ ਸਮਰੱਥਾ ’ਤੇ ਵੀ ਅਸਰ ਪੈਂਦਾ ਹੈ।