ਫਿਲੌਰ : ਇੱਥੇ 15 ਸਾਲਾਂ ਦੀ ਇਕ ਨਾਬਾਲਗ ਕੁੜੀ ਨਾਲ ਉਸ ਦੇ ਮੂੰਹ ਬੋਲੇ ਮਾਮੇ ਵੱਲੋਂ ਜਬਰ-ਜ਼ਿਨਾਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਦੋਂ ਭੈਣ ਦੀਆਂ ਚੀਕਾਂ ਸੁਣ ਕੇ ਉਸ ਦਾ ਵੱਡਾ ਭਰਾ ਕੰਧ ਟੱਪ ਕੇ ਅੰਦਰ ਵੜਿਆ ਤਾਂ ਉਕਤ ਵਿਅਕਤੀ ਉਸ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਫਿਲਹਾਲ ਪੀੜਤ ਕੁੜੀ ਅਤੇ ਉਸ ਦੇ ਪਰਿਵਾਰਕ ਮੈਂਬਰ ਇਨਸਾਫ਼ ਲੈਣ ਲਈ 3 ਦਿਨ ਤੋਂ ਹਸਪਤਾਲ ਬੈਠੇ ਹੋਏ ਹਨ। ਸਥਾਨਕ ਸਿਵਲ ਹਸਪਤਾਲ ’ਚ ਘਟਨਾ ਤੋਂ 50 ਘੰਟੇ ਬਾਅਦ ਔਰਤ ਸਬ-ਇੰਸਪੈਕਟਰ ਨੇ ਹਸਪਤਾਲ ਪੁੱਜ ਕੇ ਪੀੜਤ ਕੁੜੀ ਦੇ ਬਿਆਨ ਲਏ। ਡਾਕਟਰਾਂ ਮੁਤਾਬਕ ਹਸਪਤਾਲ ’ਚ ਮਹਿਲਾ ਡਾਕਟਰ ਨਾ ਹੋਣ ਕਾਰਨ ਉਸ ਦਾ ਮੈਡੀਕਲ ਨਹੀਂ ਹੋ ਸਕੇਗਾ। ਸਵੇਰੇ ਹੀ ਉਹ ਕੁੱਝ ਦੱਸ ਸਕਣਗੇ ਕਿ ਉਸ ਦਾ ਮੈਡੀਕਲ ਇੱਥੇ ਹੀ ਹੋਵੇਗਾ ਜਾਂ ਸਿਵਲ ਹਸਪਤਾਲ ਜਲੰਧਰ ਰੈਫ਼ਰ ਕੀਤਾ ਜਾਵੇਗਾ। ਪੀੜਤਾ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਵਾਪਸ ਚਲੇ ਜਾਣ ਲਈ ਧਮਕਾਇਆ ਜਾ ਰਿਹਾ ਹੈ ਅਤੇ ਸ਼ਿਕਾਇਤ ਵਾਪਸ ਲੈਣ ਲਈ ਰੁਪਇਆਂ ਦਾ ਲਾਲਚ ਵੀ ਦਿੱਤਾ ਜਾ ਰਿਹਾ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਰਿਸ਼ਤੇ ’ਚ ਲੱਗਦਾ ਉਸ ਦਾ ਮੁਲਜ਼ਮ ਭਰਾ 25 ਸਾਲ ਦਾ ਹੈ। 2 ਦਿਨ ਪਹਿਲਾਂ ਸਵੇਰੇ ਜਦੋਂ ਉਸ ਦੀ ਨਾਬਾਲਗ ਧੀ ਘਰ ’ਚ ਇਕੱਲੀ ਸੀ ਤਾਂ ਉਸ ਦੇ ਰਿਸ਼ਤੇ ‘ਚ ਲੱਗਦੇ ਭਰਾ ਨੇ ਉਸ ਦੀ ਨਾਬਾਲਗ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਘਰ ਦੇ ਬਾਹਰ ਖੇਡ ਰਹੇ ਉਸ ਦੇ ਛੋਟੇ ਪੁੱਤਰ ਨੇ ਭੈਣ ਦੀਆਂ ਚੀਕਾਂ ਸੁਣ ਕੇ ਆਪਣੇ ਵੱਡੇ ਭਰਾ ਨੂੰ ਫੋਨ ਕਰ ਕੇ ਬੁਲਾਇਆ। ਜਦੋਂ ਉਸ ਦਾ ਵੱਡਾ ਪੁੱਤਰ ਘਰ ਪੁੱਜਾ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਉਹ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ ਤਾਂ ਮੁਲਜ਼ਮ ਉਸ ਦੇ ਧੱਕਾ ਦੇ ਕੇ ਫ਼ਰਾਰ ਹੋ ਗਿਆ। ਪੀੜਤ ਦੀ ਮਾਂ ਅਤੇ ਭਰਜਾਈ ਨੇ ਘਰ ਪੁੱਜ ਕੇ ਕੁੜੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੂੰਹ ਬੋਲੇ ਮਾਮਾ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਹੈ। ਕੁੜੀ ਦੇ ਸਰੀਰ ’ਤੇ ਸੱਟਾਂ ਦੇ ਵੀ ਨਿਸ਼ਾਨ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਧੀ ਦਾ ਇਲਾਜ ਕਰਵਾਉਣ ਲਈ ਉਸ ਨੂੰ ਜਿਉਂ ਹੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਤਾਂ ਕੁੱਝ ਹੀ ਦੇਰ ਬਾਅਦ ਮੁਲਜ਼ਮ ਦਾ ਜੀਜਾ ਆਪਣੇ ਕੁੱਝ ਸਾਥੀਆਂ ਨਾਲ ਪੀੜਤਾ ਦੀ ਭਰਜਾਈ ਦੇ ਘਰ ਪੁੱਜ ਗਿਆ ਅਤੇ ਉਸ ਨੂੰ ਸ਼ਿਕਾਇਤ ਵਾਪਸ ਲੈਣ ਲਈ ਧਮਕਾਉਣ ਲੱਗ ਪਿਆ ਅਤੇ ਫਿਰ ਕੁੱਝ ਲੋਕ ਇਕੱਠੇ ਹੋ ਕੇ ਸਿਵਲ ਹਸਪਤਾਲ ਪੁੱਜੇ।
ਪਹਿਲਾਂ ਉਨ੍ਹਾਂ ਦੀ ਗਰੀਬੀ ਦਾ ਫ਼ਾਇਦਾ ਚੁੱਕ ਕੇ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਗਿਆ ਕਿ ਉਹ ਆਪਣੀ ਸ਼ਿਕਾਇਤ ਵਾਪਸ ਲੈ ਲੈਣ। ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਨੂੰ ਧਮਕਾਇਆ ਜਾਣ ਲੱਗ ਪਿਆ। ਉਨ੍ਹਾਂ ਕਿਹਾ ਕਿ ਇੱਥੇ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਮਾਮਲੇ ਦੀ ਗੰਭੀਰਤਾ ਨੂੰ ਨਹੀਂ ਸਮਝਿਆ। ਥਾਣਾ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਮਿਲਦੇ ਹੀ ਉਨ੍ਹਾਂ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ। ਉਸ ਤੋਂ ਬਾਅਦ ਉਹ ਖ਼ੁਦ ਪੁਲਸ ਪਾਰਟੀ ਨਾਲ ਜਦੋਂ ਪੀੜਤ ਕੁੜੀ ਦਾ ਬਿਆਨ ਲੈਣ ਸਿਵਲ ਹਸਪਤਾਲ ਗਏ ਤਾਂ ਪੀੜਤ ਕੁੜੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਬਿਆਨ ਦੇਣ ਤੋਂ ਮਨ੍ਹਾ ਕਰ ਦਿੱਤਾ। ਉਹ ਮੀਟਿੰਗ ਦੇ ਸਬੰਧ ’ਚ ਜਲੰਧਰ ਆਏ ਹਨ। ਕੁੜੀ ਦਾ ਬਿਆਨ ਲੈਣ ਲਈ ਉਨ੍ਹਾਂ ਨੇ ਇੱਥੋਂ ਮਹਿਲਾ ਸਬ-ਇੰਸਪੈਕਟਰ ਨੂੰ ਭੇਜਿਆ ਹੈ। ਮਹਿਲਾ ਅਧਿਕਾਰੀ ਨੇ 50 ਘੰਟਿਆਂ ਬਾਅਦ ਹਸਪਤਾਲ ਪੁੱਜ ਕੇ ਕੁੜੀ ਦਾ ਬਿਆਨ ਤਾਂ ਲੈ ਲਿਆ। ਅਫ਼ਸੋਸ ਦੀ ਗੱਲ ਕਿ ਉੱਥੇ ਡਿਊਟੀ ’ਤੇ ਮੌਜੂਦ ਡਾਕਟਰ ਨੇ ਦੱਸਿਆ ਕਿ ਮਹਿਲਾ ਡਾਕਟਰ ਨਾ ਹੋਣ ਕਾਰਨ ਉਸ ਦਾ ਮੈਡੀਕਲ ਨਹੀਂ ਕਰਵਾਇਆ ਜਾ ਸਕਦਾ, ਜਦੋਂ ਕਿ ਹਸਪਤਾਲ ਦੀ ਐੱਸ. ਐੱਮ. ਓ. ਰੋਹਿਨੀ ਖ਼ੁਦ ਮਹਿਲਾ ਡਾਕਟਰ ਹੈ।