ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਖਿਲਾਫ ਸ਼ਿਕਾਇਤਾਂ ਦੀ ਜਾਂਚ ਲਈ ਹਰ ਜ਼ਿਲ੍ਹੇ ਵਿਚ ਟਾਸਕ ਫੋਰਸ ਗਠਿਤ ਕਰਨ ਦਾ ਐਲਾਨ ਕੀਤਾ ਹੈ। ਇਕ ਅਧਿਕਾਰਕ ਬਿਆਨ ਵਿਚ ਦੱਸਿਆ ਗਿਆ ਕਿ ਨਿੱਜੀ ਸਕੂਲਾਂ ਖਿਲਾਫ ਕਈ ਮਾਤਾ–ਪਿਤਾ ਤੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਕਿ ਉਹ ਕਿਤਾਬਾਂ ਤੇ ਕਈ ਹੋਰ ਚੀਜ਼ਾਂ ਦੇ ਨਾਂ ‘ਤੇ ਉਨ੍ਹਾਂ ਨੂੰ ਲੁੱਟ ਰਹੇ ਹਨ ਜਿਸ ਦੇ ਮੱਦੇਨਜ਼ਰ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਫੈਸਲਾ ਕੀਤਾ ਹੈ।
ਹਰੇਕ ਟਾਸਕ ਫੋਰਸ ਵਿੱਚ ਇੱਕ ਜ਼ਿਲ੍ਹੇ ਦੇ ਤਿੰਨ ਪ੍ਰਿੰਸੀਪਲ ਹੋਣਗੇ। ਟਾਸਕ ਫੋਰਸ ਸਿੱਖਿਆ ਮੰਤਰੀ ਨੂੰ ਮਿਲੀ ਸ਼ਿਕਾਇਤ ਦੀ ਜਾਂਚ ਕਰੇਗੀ ਅਤੇ ਆਪਣੀ ਰਿਪੋਰਟ ਰੈਗੂਲੇਟਰੀ ਅਥਾਰਟੀ ਨੂੰ ਸੌਂਪੇਗੀ। ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਈ ਸ਼ਿਕਾਇਤਾਂ ਮਿਲੀਆਂ ਹਨ ਤੇ ਸੂਬਾ ਸਰਕਾਰ ਸਿੱਖਿਆ ਨੂੰ ਵਪਾਰ ਨਹੀਂ ਬਣਨ ਦੇਵੇਗੀ। ਉਨ੍ਹਾਂ ਕਿਹਾ ਕਿ ਸਾਰੇ ਕੰਮ ਕਾਨੂੰਨ ਤੇ ਨਿਯਮਾਂ ਦੇ ਅਨੁਸਾਰ ਹੋਣਗੇ ਤੇ ਉਲੰਘਣ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਬੈਂਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਮਾਧਿਅਮ ਨਾਲ ਨਿੱਜੀ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਉਨ੍ਹਾਂ ਤੋਂ ਕਿਤਾਬਾਂ ਤੇ ਫੀਸ ਸਬੰਧੀ ਸਕੂਲਾਂ ਨੂੰ ਰੈਗੂਲੇਟਰੀ ਅਥਾਰਟੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ।ਬੈਂਸ ਨੇ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਹਨ ਕਿ ਪ੍ਰਾਈਵੇਟ ਸਕੂਲ ਪਹਿਲੀ ਜਮਾਤ ਦੀਆਂ ਕਿਤਾਬਾਂ 7,000 ਰੁਪਏ ਵਿੱਚ ਵੇਚ ਰਹੇ ਹਨ।
ਸਿੱਖਿਆ ਮੰਤਰੀ ਬੈਂਸ ਨੇ ਨਿੱਜੀ ਸਕੂਲਾਂ ਦੇ ਮਾਲਕਾਂ ਤੇ ਮੈਨੇਜਮੈਂਟ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲ ਵਿਚ ਸਿਰਫ ਐੱਨਸੀਆਰਟੀ ਦੀਆਂ ਕਿਤਾਬਾਂ ਹੀ ਲਗਾਉਣ। ਬੈਂਸ ਨੇ ਕਿਹਾ ਕਿ ਨਿਯਮਾਂ ਮੁਤਾਬਕ ਛੋਟੇ ਸ਼ਹਿਰਾਂ ਵਿਚ ਸਥਿਤ ਸਕੂਲਾਂ ਨੂੰ 3 ਤੋਂ 5 ਦੁਕਾਨਾਂ ਦੇ ਨਾਂ ਸਕੂਲ ਦੇ ਬਾਹਰ ਲਿਖ ਕੇ ਲਗਾਉਣੇ ਹੁੰਦੇ ਹਨ ਤੇ ਵੱਡੇ ਸ਼ਹਿਰਾਂ ਜਿਵੇਂ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿਚ 20-20 ਦੁਕਾਨਾਂ ਦੀ ਸੂਚੀ ਬਾਹਰ ਲਿਖਣੀ ਹੁੰਦੀ ਹੈ ਜਿਥੋਂ ਵਿਦਿਆਰਥੀ ਕਿਤਾਬਾਂ ਖਰੀਦ ਸਕਦੇ ਹਨ।