ਦੇਸ਼ ਅੰਦਰ ਫਿਰਕੂ ਕਾਰਪੋਰੇਟ ਗੱਠਜੋੜ ਹਾਰੇਗਾ
9 ਸੀਟਾਂ ‘ਤੇ ਕਾਂਗਰਸ ਪਾਰਟੀ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ
ਜਲੰਧਰ 16 ਮਈ (EN) ਸੀਪੀਆਈ ( ਐਮ ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਅਤੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਸੀਪੀਆਈ ( ਐਮ ) ਦਫਤਰ ਜਲੰਧਰ ਵਿਖੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਅੰਦਰ ਚਾਰ ਲੋਕ ਸਭਾ ਸੀਟਾਂ ਤੇ ਖੱਬੇ ਪੱਖੀ ਉਮੀਦਵਾਰ ਚੋਣ ਲੜ ਰਹੇ ਹਨ । ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਸੀਪੀਆਈ ( ਐਮ ) ਦੇ ਉਮੀਦਵਾਰ ਹਨ , ਖਡੂਰ ਸਾਹਿਬ ਤੋਂ ਕਾਮਰੇਡ ਗੁਰਦਿਆਲ ਸਿੰਘ , ਫਰੀਦਕੋਟ ਤੋਂ ਕਾਮਰੇਡ ਗੁਰਚਰਨ ਸਿੰਘ ਮਾਨ ਅਤੇ ਅੰਮ੍ਰਿਤਸਰ ਤੋਂ ਬੀਬੀ ਜਸਵਿੰਦਰ ਕੌਰ ਸੀਪੀਆਈ ਵੱਲੋਂ ਉਮੀਦਵਾਰ ਹਨ । ਪਾਰਟੀ ਦੇ ਸੂਬਾਈ ਆਗੂਆਂ ਵੱਲੋਂ ਖੱਬੇ ਪੱਖੀ ਪਾਰਟੀਆਂ , ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਵੱਲੋਂ ਪਾਰਟੀ ਦੇ ਸਾਂਝੇ ਉਮੀਦਵਾਰਾਂ ਨੂੰ ਸਫਲ ਬਣਾਇਆ ਜਾਵੇ। ਪੰਜਾਬ ਅੰਦਰ ਇੰਡੀਆ ਗਠਜੋੜ ਪਹਿਲ ਕਦਮੀ ਨਾਲ ਬਣਾਉਣ ਵਿੱਚ ਕਾਂਗਰਸ ਪਾਰਟੀ ਸਫਲ ਨਹੀਂ ਹੋ ਸਕੀ । ਸੀਪੀਆਈ ਤੇ ਸੀਪੀਆਈ ( ਐਮ ) ਨੇ ਆਪਣੀ ਰਾਜਸੀ ਜਿੰਮੇਵਾਰੀ ਨਿਭਾਉਂਦੇ ਹੋਏ ਫੈਸਲਾ ਕੀਤਾ ਹੈ ਕਿ ਪੰਜਾਬ ਦੀਆਂ ਨੌ ਲੋਕ ਸਭਾ ਸੀਟਾਂ ਤੇ ਪਾਰਟੀ ਕੈਡਰ ਤੇ ਵੋਟਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਏਗਾ । ਬਾਕੀ ਚਾਰ ਸੀਟਾਂ ‘ਤੇ ਪਾਰਟੀ ਉਮੀਦਵਾਰ ਚੋਣ ਲੜ ਰਹੇ ਹਨ । ਫਿਰਕੂ ਕਾਰਪੋਰੇਟ ਗੱਠਜੋੜ ਨੂੰ ਹਰਾਉਣ ਲਈ ਪਾਰਟੀਆਂ ਵੱਲੋਂ ਸਾਂਝੀ ਅਤੇ ਆਜ਼ਾਦ ਚੋਣ ਮੁਹਿੰਮ ਚਲਾਈ ਜਾਵੇਗੀ। ਆਗੂਆਂ ਵੱਲੋਂ ਕਾਂਗਰਸ ਨਾਲ ਚੋਣ ਪਲੈਟਫਾਰਮ ਸਾਂਝਾ ਨਹੀਂ ਕੀਤਾ ਜਾਵੇਗਾ। ਕੇਂਦਰ ਵਿੱਚ ਬੀਜੇਪੀ ਮੋਦੀ ਸਰਕਾਰ ਹਾਰੇਗੀ , ਧਰਮ ਨਿਰਪੱਖ ਅਤੇ ਜਮਹੂਰੀ ਸ਼ਕਤੀਆਂ ਦੀ ਸਰਕਾਰ ਸਥਾਪਿਤ ਕੀਤੀ ਜਾਵੇਗੀ । ਚੋਣਾਂ ਦੌਰਾਨ ਸੂਝਵਾਨ ਵੋਟਰਾਂ ਵੱਲੋਂ ਲੋਕ ਸਭਾ ਚੋਣਾਂ ਅੰਦਰ ਖੱਬੇ ਪੱਖੀ ਸ਼ਕਤੀਆਂ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਦੇਸ਼ ਅੰਦਰ ਮੋਦੀ ਸਰਕਾਰ ਵੱਲੋਂ ਧਾਰਮਿਕ , ਸਮਾਜਿਕ , ਆਰਥਿਕ ਅਤੇ ਰਾਜਨੀਤਿਕ ਖਤਰਨਾਕ ਪੈਦਾ ਕੀਤੀ ਸਥਿਤੀ ਨੂੰ ਠੀਕ ਕੀਤਾ ਜਾਵੇਗਾ। ਇਸ ਮੌਕੇ ਸੀਪੀਆਈ ( ਐਮ ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ , ਕਾਮਰੇਡ ਬਲਵੀਰ ਸਿੰਘ ਜਾਡਲਾ , ਸੀਪੀਆਈ ( ਐਮ ) ਦੇ ਉਮੀਦਵਾਰ ਮਾਸਟਰ ਪਰਸ਼ੋਤਮ ਬਿਲਗਾ , ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਖ਼ਜਾਨਚੀ ਇੰਜੀਨੀਅਰ ਸੀਤਲ ਸਿੰਘ ਸੰਘਾ ਵੀ ਹਾਜ਼ਰ ਸਨ।