ਸ਼ਰਾਰਤੀ ਅਨਸਰ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਕੁਝ ਦਿਨ ਪਹਿਲਾਂ ਅੰਮ੍ਰਿਤਸਰ ‘ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਬਠਿੰਡਾ ‘ਚ ਬੰਬ ਧਮਾਕਿਆਂ ਦੀ ਧਮਕੀ ਵਾਲੇ ਪੱਤਰ ਸਿਆਸਤਦਾਨਾਂ, ਅਧਿਕਾਰੀਆਂ ਅਤੇ ਕਾਰੋਬਾਰੀਆਂ ਨੂੰ ਭੇਜੇ ਗਏ ਹਨ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ 6 ਚਿੱਠੀਆਂ ਮਿਲੀਆਂ ਹਨ, ਜਿਨ੍ਹਾਂ ‘ਚ 7 ਜੂਨ ਨੂੰ ਹੋਏ ਧਮਾਕੇ ਬਾਰੇ ਲਿਖਿਆ ਗਿਆ ਹੈ।
ਇਸ ਸਬੰਧੀ ਬਠਿੰਡਾ ਦੇ ਐਸ.ਐਸ.ਪੀ. ਗੁਰਨੀਤ ਖੁਰਾਣਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੂਰੇ ਜ਼ਿਲ੍ਹੇ ਦੇ ਥਾਣਿਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਹਰ ਨੁੱਕਰੇ ਦੀ ਤਲਾਸ਼ੀ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਰ ਖੇਤਰ, ਵਾਹਨ ਅਤੇ ਵਿਅਕਤੀ ਦੀ ਜਾਂਚ ਕੀਤੀ ਜਾਵੇਗੀ। ਹਰ ਗਤੀਵਿਧੀ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਧਮਕੀ ਦੇਣ ਵਾਲਾ ਵਿਅਕਤੀ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ।
ਐਸ.ਐਸ.ਪੀ. ਨੇ ਦੱਸਿਆ ਕਿ ਪੋਸਟਮੈਨ ਰਾਹੀਂ ਧਮਕੀ ਭਰੇ ਪੱਤਰ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ ਹੁਣ ਤੱਕ 6 ਅਜਿਹੇ ਪੱਤਰ ਹਨ ਜੋ ਅਸਲ ਹਨ ਅਤੇ ਬਾਕੀ ਫੋਟੋ ਕਾਪੀਆਂ ਹਨ। ਪੱਤਰ ਵਿੱਚ ਦੱਸੀਆਂ ਥਾਵਾਂ ’ਤੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।