ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸਵੇਰੇ ਕਰੀਬ 10 ਵਜੇ ਅੰਮ੍ਰਿਤਸਰ ਵਿਖੇ ਅੰਤ੍ਰਿੰਗ ਕਮੇਟੀ ਦੀ ਅਹਿਮ ਮੀਟਿੰਗ ਬੁਲਾਈ ਹੈ। ਸੂਤਰਾਂ ਮੁਤਾਬਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਸ ਮੀਟਿੰਗ ਦੀ ਅਗਵਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਰਨਗੇ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੇ ਨਵੇਂ ਜਥੇਦਾਰ ਨੂੰ ਨਿਯੁਕਤ ਕਰਨ ਦੀਆਂ ਹਰ ਪਾਸੇ ਚਰਵਾਵਾਂ ਹਨ ਪਰ ਇਸ ਉੱਪਰ ਸ਼੍ਰੋਮਣੀ ਕਮੇਟੀ ਦਾ ਅਧਿਕਾਰਤ ਤੌਰ ‘ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਵਿਚਾਲੇ ਅਕਾਲੀ ਦਲ ਵੀ ਸਿੱਧੇ ਤੌਰ ‘ਤੇ ਕੁੱਝ ਵੀ ਨਹੀਂ ਕਹਿ ਰਿਹਾ। ਹੁਣ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੀ ਕੁੱਝ ਸਪਸ਼ਟ ਹੋਵੇਗਾ।
ਦੱਸ ਦੇਈਏ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਆਪ’ ਆਗੂ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਮੰਗਣੀ ‘ਚ ਸ਼ਾਮਲ ਹੋਣ ਲਈ ਦਿੱਲੀ ਦੇ ਕਪੂਰਥਲਾ ਹਾਊਸ ਪਹੁੰਚੇ ਸਨ। ਉਦੋਂ ਤੋਂ ਉਹ ਸਵਾਲਾਂ ਦੇ ਘੇਰੇ ‘ਚ ਹੈ। ਜਿਸ ਤੋਂ ਬਾਅਦ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਜਥੇਦਾਰ ‘ਤੇ ਸਵਾਲ ਉਠਾਏ ਸੀ।
ਜ਼ਿਕਰਯੋਗ ਹੈ ਕਿ ਰਾਘਵ ਚੱਢਾ ਦੀ ਮੰਗਣੀ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚਰਚਾ ਵਿੱਚ ਆਏ ਸਨ । ਅਕਾਲੀ ਦਲ ਵੱਲੋਂ ਇਸ ਉੱਤੇ ਇਸ ਦਾ ਇਤਰਾਜ਼ ਵੀ ਜਤਾਇਆ ਗਿਆ ਪਰ ਅਕਾਲੀ ਦਲ ਤੇ ਜਥੇਦਾਰ ਵਿਚਾਲੇ ਚੱਲ ਰਹੀ ਕੁੜੱਤਨ ਵਿਚ ਰਾਘਵ ਚੱਢਾ ਦੀ ਮੰਗਣੀ ਇਕ ਬਹਾਨੇ ਦਾ ਰੂਪ ਧਾਰ ਗਈ ਹੈ। ਬੀਤੇ ਇੱਕ ਸਾਲ ਤੋਂ ਅਕਾਲੀ ਦਲ ਨਾਲ ਜਥੇਦਾਰ ਦੇ ਸੰਬੰਧ ਕੋਈ ਚੰਗੇ ਨਹੀਂ ਸਨ। ਪੰਥਕ ਸਟੇਜਾਂ ਤੋਂ ਸ਼ਰੇਆਮ ਅਕਾਲੀ ਦਲ ਨੂੰ ਸਰਮਾਏਦਾਰਾਂ ਦੀ ਪਾਰਟੀ ਤੇ ਅਕਾਲੀ ਦਲ ਦਾ ਅਸਲ ਵਜੂਦ ਖ਼ਤਮ ਹੋਣ ਦੇ ਬਿਆਨ ਦੇਣ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਟਾਰਗੇਟ ‘ਤੇ ਸਨ।