ਹਾਲ ਵਿੱਚ ਪੰਜਾਬ ਬੋਰਡ ਦੇ 10ਵੀਂ ਤੇ 12ਵੀਂ ਦੇ ਨਤੀਜੇ ਆਏ ਨੇ, ਜਿਸ ਵਿੱਚ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪੰਜਾਬ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਕੂਲ ਸਿੱਖਿਆ ਪ੍ਰਤੀ ਨੀਤੀਆਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਜਿਸ ਕਰਕੇ ਇਸ ਵਾਰ ਸਰਕਾਰੀ ਸਕੂਲ ਦੇ ਨਤੀਜੇ ਕਮਾਲ ਦੇ ਰਹੇ ਹਨ। ਹਾਲ ਵਿੱਚ ਸਿੱਖਿਆ ਮੰਤਰੀ ਨੇ ਵੀ ਦੱਸਿਆ ਹੈ ਕਿ ਲੋਕਾਂ ਅੰਦਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦਾ ਰੁਝਾਨ ਵਧਣ ਲੱਗਾ ਹੈ। ਪਰ ਕੁਝ ਬੱਚਿਆਂ ਨੇ ਪੰਜਾਬ ਸਰਕਾਰ ਨੂੰ ਖ਼ਾਸ ਪੱਤਰ ਲਿਖਕੇ ਆਪਣੀ ਮੰਗ CM ਮਾਨ ਤੇ ਸਿੱਖਿਆ ਮੰਤਰੀ ਅੱਗੇ ਰੱਖੀ ਹੈ।
ਸਿੱਖਿਆ ਵਿਭਾਗ ‘ਚ ਤਬਾਦਲਿਆਂ ਦਾ ਦੌਰ ਚੱਲ ਰਿਹਾ ਹੈ
ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਸਿੱਖਿਆ ਵਿਭਾਗ ‘ਚ ਤਬਾਦਲਿਆਂ ਦਾ ਦੌਰ ਚੱਲ ਰਿਹਾ ਹੈ ਅਤੇ ਕਈ ਅਧਿਆਪਕ ਆਪਣੀ ਮਰਜ਼ੀ ਨਾਲ ਬਦਲੀਆਂ ਕਰਵਾ ਕੇ ਆਪਣੇ ਚਹੇਤੇ ਸਟੇਸ਼ਨ ਜੁਆਇਨ ਕਰ ਰਹੇ ਹਨ। ਜ਼ਿਲ੍ਹੇ ਦੇ ਪਿੰਡ ਹਸਨਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਫਿਜ਼ਿਕਸ ਲੈਕਚਰਾਰ ਨੇ ਵੀ ਆਪਣੀ ਬਦਲੀ ਕਿਸੇ ਹੋਰ ਥਾਂ ਕਰਵਾ ਲਈ ਪਰ ਜਦੋਂ ਵਿਦਿਆਰਥੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਪੜ੍ਹਾਈ ਦਾ ਹਵਾਲਾ ਦਿੰਦਿਆਂ ਲੈਕਚਰਾਰ ਦੀ ਬਦਲੀ ਰੱਦ ਕਰਵਾਉਣ ਲਈ ਸਰਕਾਰ ਨੂੰ ਪੱਤਰ ਲਿਖ ਦਿੱਤਾ।
ਲੈਕਚਰਾਰ ਦੀ ਬਦਲੀ ਤੋਂ ਨਿਰਾਸ਼ ਵਿਦਿਆਰਥੀ
ਮਾਮਲਾ ਦਾਖਾ ਵਿਧਾਨ ਸਭਾ ਅਧੀਨ ਪੈਂਦੇ ਉਕਤ ਸਕੂਲ ਨਾਲ ਸਬੰਧਤ ਹੈ, ਜਿੱਥੇ ਲੈਕਚਰਾਰ ਦੀ ਬਦਲੀ ਤੋਂ ਨਿਰਾਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਦੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੱਤਰ ਲਿਖ ਕੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਲੈਕਚਰਾਰ ਦਾ ਤਬਾਦਲਾ ਸਕੂਲ ਦੇ 11ਵੀਂ ਤੇ 12ਵੀਂ ਸਾਇੰਸ ਸਟ੍ਰੀਮ ਦੇ ਕਰੀਬ 38 ਵਿਦਿਆਰਥੀਆਂ ਦੇ ਹਸਤਾਖਰਾਂ ਵਾਲਾ ਇਹ ਪੱਤਰ ਕੱਲ੍ਹ ਸਿੱਖਿਆ ਮੰਤਰੀ ਨੂੰ ਈਮੇਲ ਵੀ ਕੀਤਾ ਗਿਆ ਹੈ।
ਵਿਦਿਆਰਥੀਆਂ ਨੇ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਸਕੂਲ ਹਸਨਪੁਰ ਦੇ ਫਿਜ਼ਿਕਸ ਲੈਕਚਰਾਰ ਸਤਿੰਦਰਪਾਲ ਸਿੰਘ ਦੀ ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲ ਮਾਡਲ ਟਾਊਨ ਵਿੱਚ ਬਦਲੀ ਕਰ ਦਿੱਤੀ ਗਈ ਹੈ। ਵਿਦਿਆਰਥੀਆਂ ਨੇ ਕਿਹਾ ਕਿ ਲੈਕਚਰਾਰ ਸਤਿੰਦਰਪਾਲ ਸਿੰਘ ਉਨ੍ਹਾਂ ਨੂੰ ਵਿਸ਼ੇ ਦੀਆਂ ਬਾਰੀਕੀਆਂ ਸਮਝਾਉਂਦੇ ਹਨ ਅਤੇ ਜੀਵਨ ਦੇ ਹਰ ਪਹਿਲੂ ਬਾਰੇ ਵੀ ਸਮਝਾਉਂਦੇ ਹਨ ਤਾਂ ਜੋ ਵਿਦਿਆਰਥੀ ਭਵਿੱਖ ਵਿੱਚ ਆਪਣੇ ਟੀਚੇ ਪ੍ਰਾਪਤ ਕਰ ਸਕਣ। ਇਸ ਲਈ ਸਾਡੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਲੈਕਚਰਾਰ ਸਤਿੰਦਰਪਾਲ ਦੀ ਬਦਲੀ ਮੁੜ ਹਸਨਪੁਰ ਸਕੂਲ ਵਿੱਚ ਕੀਤੀ ਜਾਵੇ।