05/05/2024 8:53 AM

ਨੂੰਹ ਦੇ ਕਾਰੇ ਨੇ ਸਹੁਰਿਆਂ ਦੇ ਪੈਰਾਂ ਹੇਠੋਂ ਖ਼ਿਸਕਾਈ ਜ਼ਮੀਨ

Ludhiana : ਇੱਥੇ ਦੁੱਗਰੀ ਦੇ ਐੱਮ. ਆਈ. ਜੀ. ਫਲੈਟ ’ਚ ਸੋਮਵਾਰ ਸਵੇਰੇ 6.30 ਵਜੇ ਹੋਈ ਚੋਰੀ ਦੀ ਵਾਰਦਾਤ ਨੂੰ ਥਾਣਾ ਪੁਲਸ ਦੁੱਗਰੀ ਦੀ ਐੱਸ. ਐੱਚ. ਓ. ਇੰਸਪੈਕਟਰ ਮਧੂਬਾਲਾ ਦੀ ਟੀਮ ਨੇ 5 ਘੰਟਿਆਂ ’ਚ ਹੱਲ ਕਰ ਲਿਆ ਹੈ। ਚੋਰੀ ਉਨ੍ਹਾਂ ਦੀ ਨੂੰਹ ਨੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਲਈ ਕੀਤੀ ਸੀ। ਹਾਲ ਦੀ ਘੜੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤੇ 4,27,100 ਰੁਪਏ, 10 ਤੋਲੇ ਸੋਨੇ ਦੇ ਗਹਿਣੇ ਅਤੇ 6 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕਰ ਲਏ ਹਨ। ਉਕਤ ਜਾਣਕਾਰੀ ਜੁਆਇੰਟ ਸੀ. ਪੀ. ਜਸਕਰਨ ਸਿੰਘ ਤੇਜਾ, ਏ. ਸੀ. ਪੀ. ਅਸ਼ੋਕ ਕੁਮਾਰ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੜ੍ਹੀ ਗਈ ਔਰਤ ਦੀ ਪਛਾਣ ਵੰਦਨਾ (33) ਵਜੋਂ ਹੋਈ ਹੈ। ਉਸ ਦਾ ਚੇਤਨ ਨਾਰੰਗ ਨਾਲ 2 ਸਾਲ ਪਹਿਲਾਂ ਦੂਜਾ ਵਿਆਹ ਹੋਇਆ ਸੀ ਅਤੇ ਪਹਿਲੇ ਵਿਆਹ ਤੋਂ ਇਕ 11 ਸਾਲ ਦੀ ਧੀ ਹੈ, ਜੋ ਨਾਲ ਰਹਿੰਦੀ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਵੰਦਨਾ ਦੇ ਸਿਰ ’ਤੇ ਕਰਜ਼ਾ ਹੈ, ਜਿਸ ਨੂੰ ਉਤਾਰਨ ਲਈ ਉਹ ਕਾਫੀ ਦਿਨਾਂ ਤੋਂ ਪਲਾਨ ਬਣਾ ਰਹੀ ਸੀ। ਉਸ ਨੂੰ ਪਤਾ ਸੀ ਕਿ ਸਹੁਰੇ ਦੇ ਕਮਰੇ ਦੀ ਅਲਮਾਰੀ ’ਚ ਹਰ ਸਮੇਂ ਨਕਦੀ ਪਈ ਹੁੰਦੀ ਹੈ।

ਉਸ ਨੇ ਸੋਮਵਾਰ ਸਵੇਰੇ ਮੌਕਾ ਮਿਲਦੇ ਹੀ ਜਿੰਦਾ ਤੋੜ ਕੇ ਸਮਾਨ ਚੋਰੀ ਕਰ ਲਿਆ ਅਤੇ ਸਾਰਾ ਸਮਾਨ ਆਪਣੇ ਬੈੱਡ ’ਚ ਲੁਕੋ ਕੇ ਫਿਰ ਸੌਣ ਦਾ ਡਰਾਮਾ ਕਰਨ ਲੱਗ ਪਈ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਸਾਰਾ ਸਮਾਨ ਘਰੋਂ ਰਿਕਵਰ ਕਰ ਲਿਆ ਹੈ। ਮੰਗਲਵਾਰ ਨੂੰ ਮੁਲਜ਼ਮ ਔਰਤ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੀਪ ਸਿੰਘ ਨੇ ਦੱਸਿਆ ਸੀ ਕਿ ਹਰ ਰੋਜ ਵਾਂਗ ਸਵੇਰ ਆਪਣੇ ਛੋਟੇ ਬੇਟੇ ਹਿਤੇਸ਼ ਨਾਰੰਗ ਦੇ ਨਾਲ ਅਖ਼ਬਾਰ ਸਪਲਾਈ ਕਰਨ ਘਰੋਂ ਚਲਾ ਗਿਆ। ਇਸ ਤੋਂ ਅੱਧੇ ਘੰਟੇ ਬਾਅਦ ਵੱਡੇ ਬੇਟੇ ਚੇਤਨ ਨਾਰੰਗ ਜੋ ਮੁਲਜ਼ਮ ਔਰਤ ਦਾ ਪਤਾ ਹੈ, ਨੇ ਫੋਨ ਕਰ ਕੇ ਦੱਸਿਆ ਕਿ ਤੁਹਾਡੇ ਜਾਣ ਤੋਂ ਬਾਅਦ ਮਾਂ ਮਧੂਬਾਲਾ ਵੀ ਸੈਰ ਕਰਨ ਚਲੀ ਗਈ। ਲਗਭਗ 6.50 ਵਜੇ ਵਾਪਸ ਆ ਕੇ ਦੇਖਿਆ ਤਾਂ ਅੰਦਰ ਕਮਰੇ ’ਚ ਸਾਰਾ ਸਮਾਨ ਖਿੱਲਰਿਆ ਪਿਆ ਸੀ ਅਤੇ ਚੋਰ ਉਕਤ ਸਮਾਨ ਚੋਰੀ ਕਰ ਕੇ ਲੈ ਗਏ ਸਨ। ਚੇਤਨ ਨੇ ਦੱਸਿਆ ਸੀ ਕਿ ਉਹ ਆਪਣੀ ਪਤਨੀ ਅਤੇ ਬੱਚੇ ਸਮੇਤ ਸੁੱਤਾ ਹੋਇਆ ਸੀ। ਏ. ਸੀ. ਚੱਲਣ ਕਾਰਨ ਉਸ ਨੂੰ ਚੋਰਾਂ ਦੇ ਆਉਣ ਦਾ ਪਤਾ ਨਹੀਂ ਲੱਗਾ। ਜਸਕਰਨ ਸਿੰਘ ਤੇਜਾ ਮੁਤਾਬਕ ਪੁਲਸ ਪੁੱਤ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।