ਪੰਜਾਬ ‘ਚ ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਨੇ ਪਸੀਨੇ ਛੁਡਾ ਦਿੱਤੇ ਹਨ। 40 ਡਿਗਰੀ ਦੇ ਨੇੜੇ ਪੁੱਜੇ ਤਾਪਮਾਨ ਵਿਚਕਾਰ ਤੇਜ਼ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਤੂਫ਼ਾਨ ਬਿਪਰਜੋਏ ਕਾਰਨ ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਨੇੜਲੇ ਇਲਾਕਿਆਂ ‘ਚ ਯੈਲੋ ਅਲਰਟ ਐਲਾਨਿਆ ਜਾ ਚੁੱਕਾ ਹੈ। ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ‘ਚ ਹੀਟ ਵੇਵ (ਗਰਮ ਹਵਾਵਾਂ) ਚੱਲ ਰਹੀ ਹੈ, ਜਿਸ ਕਾਰਨ ਦੁਪਹਿਰ ਦੇ ਸਮੇਂ ਲੋਕਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ। ਮੌਸਮ ਵਿਭਾਗ ਦੇ ਅਗਾਊਂ ਅਨੁਮਾਨ ਮੁਤਾਬਕ 20, 21 ਜੂਨ ਨੂੰ ਤਾਪਮਾਨ 41-42 ਡਿਗਰੀ ਨੂੰ ਪਾਰ ਕਰ ਸਕਦਾ ਹੈ। ਅਜਿਹੇ ਹਾਲਾਤ ‘ਚ ਲੋਕਾਂ ਲਈ ਮੁਸ਼ਕਲ ਵਧੇਗੀ।
ਜਾਣੋ ਕਦੋਂ ਆਵੇਗਾ ਮਾਨਸੂਨ
ਇਸ ਵਾਰ ਕੇਰਲ ਤੋਂ ਮਾਨਸੂਨ ਦੀ ਸ਼ੁਰੂਆਤ ਇਕ ਹਫ਼ਤਾ ਲੇਟ ਹੋਈ ਸੀ, ਜਿਸ ਕਾਰਨ ਪੰਜਾਬ ‘ਚ ਮਾਨਸੂਨ ਪਹੁੰਚਣ ‘ਚ ਅਜੇ ਕੁੱਝ ਦਿਨ ਲੱਗਣਗੇ। ਚੱਕਰਵਾਤ ਬਿਪਰਜੋਏ ਕਾਰਨ ਮੀਂਹ ’ਤੇ ਅਸਰ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਤੇਜ਼ ਹਵਾਵਾਂ ਚੱਲਣ ਦੇ ਆਸਾਰ ਬਣੇ ਹੋਏ ਹਨ। ਗਰਮੀ ਤੋਂ ਬਚਣ ਲਈ ਲੋਕ ਵਾਟਰ ਪਾਰਕ ਨੂੰ ਮਹੱਤਵ ਦੇ ਰਹੇ ਹਨ। ਦੁਪਹਿਰ ਦੇ ਸਮੇਂ ਜਿਹੜੇ ਲੋਕਾਂ ਲਈ ਘਰੋਂ ਬਾਹਰ ਨਿਕਲਣਾ ਜ਼ਰੂਰੀ ਹੁੰਦਾ ਹੈ, ਉਹ ਹੈਲਮੈੱਟ, ਰੁਮਾਲ, ਸਕਾਰਫ ਆਦਿ ਦੀ ਵਰਤੋਂ ਕਰ ਕੇ ਆਪਣੀ ਮੰਜ਼ਿਲ ਵੱਲ ਜਾਂਦੇ ਦੇਖੇ ਜਾ ਸਕਦੇ ਹਨ।