05/05/2024 3:35 PM

ਤੁਹਾਡੀ ਵੀ ਸੜਕ ਨਾਲ ਲੱਗਦੀ ਜ਼ਮੀਨ? ਪੈਟਰੋਲ ਪੰਪ ਖੋਲ੍ਹ ਕੇ ਕਰੋ ਮੋਟੀ ਕਮਾਈ, ਇੰਝ ਹਾਸਲ ਕਰੋ ਲਾਇਸੰਸ

ਜੇਕਰ ਤੁਹਾਡੀ ਜ਼ਮੀਨ ਸੜਕ ਨਾਲ ਲੱਗਦੀ ਹੈ ਤਾਂ ਤੁਸੀਂ ਪੈਟਰੋਲ ਪੰਪ ਲਾ ਕੇ ਕਮਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਜ਼ਮੀਨ ਕਿਰਾਏ ‘ਤੇ ਲੈ ਕੇ ਵੀ ਪੈਟਰੋਲ ਪੰਪ ਲਾਇਆ ਜਾ ਸਕਦਾ ਹੈ ਪਰ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੈਟਰੋਲ ਪੰਪ ਲਾਉਣ ਲਈ ਲਾਇਸੰਸ ਕਿਵੇਂ ਲਿਆ ਜਾਏ।

ਦਰਅਸਲ ਪੈਟਰੋਲ ਪੰਪ ਦਾ ਕਾਰੋਬਾਰ ਪੂਰੀ ਦੁਨੀਆ ਵਿੱਚ ਇੱਕ ਲਾਭਦਾਇਕ ਕਾਰੋਬਾਰ ਮੰਨਿਆ ਜਾਂਦਾ ਹੈ। ਇਹ ਇੱਕ ਅਜਿਹਾ ਕਾਰੋਬਾਰ ਹੈ ਜੋ ਕਦੇ ਵੀ ਮੰਦਾ ਨਹੀਂ ਪੈ ਸਕਦਾ। ਲੌਕਡਾਊਨ ਦੌਰਾਨ ਕਈ ਕਾਰੋਬਾਰ ਡੁੱਬ ਗਏ ਪਰ ਉਸ ਸਮੇਂ ਵੀ ਪੈਟਰੋਲ ਪੰਪ ਚੱਲਦੇ ਰਹੇ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਅਮੀਰ ਤੋਂ ਗਰੀਬ ਤੱਕ ਹਰ ਕਿਸੇ ਕੋਲ ਵਾਹਨ ਹੈ। ਇਸ ਤੋਂ ਇਲਾਵਾ ਖੇਤਾਂ ਵਿੱਚ ਵਾਹੁਣ ਵਾਲੇ ਟਰੈਕਟਰਾਂ ਤੇ ਮਾਲ-ਵਾਹਕ ਵਾਹਨਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਆਰਥਿਕ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਦੇਸ਼ ਦੇ ਹਰ ਕੋਨੇ ਵਿੱਚ ਪੈਟਰੋਲ ਪੰਪ ਮੌਜੂਦ ਹਨ। ਅਜਿਹੇ ‘ਚ ਤੁਸੀਂ ਪੈਟਰੋਲ ਪੰਪ ਖੋਲ੍ਹ ਕੇ ਕਾਫੀ ਮੁਨਾਫਾ ਕਮਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜੀ ਸਾਰੀ ਜਾਣਕਾਰੀ ਦੇ ਰਹੇ ਹਾਂ।

ਪੈਟਰੋਲ ਪੰਪ ਖੋਲ੍ਹਣ ਦਾ ਕੰਮ ਪੈਟਰੋਲੀਅਮ ਕੰਪਨੀਆਂ ਕਰਦੀਆਂ ਹਨ। ਕੰਪਨੀਆਂ ਇਸ ਲਈ ਲਾਇਸੈਂਸ ਜਾਰੀ ਕਰਦੀਆਂ ਹਨ। ਤੇਲ ਕੰਪਨੀਆਂ ਨਵੇਂ ਇਲਾਕਿਆਂ ਵਿੱਚ ਪੈਟਰੋਲ ਪੰਪ ਖੋਲ੍ਹਣ ਲਈ ਇਸ਼ਤਿਹਾਰ ਛਾਪਦੀਆਂ ਹਨ। ਇਸ ਦੇ ਨਾਲ ਹੀ ਅੱਜਕਲ੍ਹ ਤੁਸੀਂ ਪੈਟਰੋਲ ਪੰਪ ‘ਤੇ ਹੀ ਸੀਐਨਜੀ ਸਟੇਸ਼ਨ ਖੋਲ੍ਹ ਸਕਦੇ ਹੋ। ਭਵਿੱਖ ਵਿੱਚ ਪੰਪਾਂ ’ਤੇ ਹੀ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣ ਦੀਆਂ ਵੀ ਸੰਭਾਵਨਾਵਾਂ ਹਨ ਕਿਉਂਕਿ ਦੇਸ਼ ਵਿੱਚ ਪੈਟਰੋਲ ਪੰਪਾਂ ਦਾ ਨੈੱਟਵਰਕ ਬਹੁਤ ਵੱਡਾ ਹੈ।

ਪੈਟਰੋਲ ਪੰਪ ਕੌਣ ਖੋਲ੍ਹ ਸਕਦਾ?- ਦੇਸ਼ ਵਿੱਚ ਬੀਪੀਸੀਐਲ, ਐਚਪੀਸੀਐਲ, ਆਈਓਸੀਐਲ, ਰਿਲਾਇੰਸ, ਐਸਾਰ ਆਇਲ ਵਰਗੀਆਂ ਜਨਤਕ ਤੇ ਨਿੱਜੀ ਤੇਲ ਕੰਪਨੀਆਂ ਦੁਆਰਾ ਪੈਟਰੋਲ ਪੰਪ ਖੋਲ੍ਹਣ ਲਈ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ। ਪੈਟਰੋਲ ਪੰਪ ਖੋਲ੍ਹਣ ਲਈ ਤੁਹਾਡੀ ਘੱਟੋ-ਘੱਟ ਉਮਰ 21 ਸਾਲ ਤੇ ਵੱਧ ਤੋਂ ਵੱਧ ਉਮਰ 60 ਸਾਲ ਹੋਣੀ ਚਾਹੀਦੀ ਹੈ। ਆਮ ਸ਼੍ਰੇਣੀ ਦਾ ਬਿਨੈਕਾਰ 12ਵੀਂ ਪਾਸ ਹੋਣਾ ਚਾਹੀਦਾ ਹੈ, ਜਦੋਂਕਿ SC/ST/OBC ਸ਼੍ਰੇਣੀ ਦਾ ਬਿਨੈਕਾਰ ਘੱਟੋ-ਘੱਟ 10ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸ਼ਹਿਰੀ ਖੇਤਰ ਵਿੱਚ ਪੈਟਰੋਲ ਪੰਪ ਖੋਲ੍ਹਣ ਲਈ ਬਿਨੈਕਾਰ ਦਾ ਗ੍ਰੈਜੂਏਟ ਹੋਣਾ ਲਾਜ਼ਮੀ ਹੈ।

ਲਾਇਸੰਸ ਕਿਵੇਂ ਪ੍ਰਾਪਤ ਕਰਨਾ ਤੇ ਰਜਿਸਟ੍ਰੇਸ਼ਨ ਫੀਸ ਕਿੰਨੀ- ਸ਼ਹਿਰ ਹੋਵੇ ਜਾਂ ਪਿੰਡ, ਪੈਟਰੋਲ ਪੰਪ ਖੋਲ੍ਹਣ ਲਈ ਲਾਇਸੈਂਸ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਵੀ ਪੈਟਰੋਲ ਪੰਪ ਖੋਲ੍ਹਣ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਪੈਟਰੋਲੀਅਮ ਕੰਪਨੀਆਂ ਰਾਹੀਂ ਇਹ ਪ੍ਰਾਪਤ ਕਰ ਸਕਦੇ ਹੋ। ਤੇਲ ਮਾਰਕੀਟਿੰਗ ਕੰਪਨੀਆਂ ਦੇਸ਼ ਦੇ ਵੱਖ-ਵੱਖ ਸਥਾਨਾਂ ‘ਤੇ ਪੈਟਰੋਲ ਪੰਪ ਖੋਲ੍ਹਣ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਸਮੇਂ-ਸਮੇਂ ‘ਤੇ ਇਸ਼ਤਿਹਾਰ ਦਿੰਦੀਆਂ ਹਨ।

ਬਿਨੈਕਾਰ ਇਨ੍ਹਾਂ ਕੰਪਨੀਆਂ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਪੈਟਰੋਲ ਪੰਪ ਦੀ ਡੀਲਰਸ਼ਿਪ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ। ਤੁਸੀਂ ਪੈਟਰੋਲ ਪੰਪ ਖੋਲ੍ਹਣ ਬਾਰੇ ਇੰਡੀਅਨ ਆਇਲ ਦੇ ਸਬੰਧਤ ਰਿਟੇਲ ਡਿਵੀਜ਼ਨਲ ਦਫਤਰ/ਫੀਲਡ ਅਫਸਰ ਨਾਲ ਵੀ ਸੰਪਰਕ ਕਰ ਸਕਦੇ ਹੋ। ਤੁਸੀਂ ਉਨ੍ਹਾਂ ਦੇ ਵੇਰਵੇ ਆਪਣੇ ਖੇਤਰ ਵਿੱਚ ਇੰਡੀਅਨ ਆਇਲ ਰਿਟੇਲ ਆਊਟਲੈਟਸ (ਪੈਟਰੋਲ ਪੰਪ) ‘ਤੇ ਪ੍ਰਾਪਤ ਕਰ ਸਕਦੇ ਹੋ।

ਕਿੰਨੀ ਫੀਸ ਦੇਣੀ ਪਵੇਗੀ- ਜੇਕਰ ਤੁਸੀਂ ਪੈਟਰੋਲ ਪੰਪ ਡੀਲਰਸ਼ਿਪ 2023 ਲਈ ਆਨਲਾਈਨ ਰਜਿਸਟ੍ਰੇਸ਼ਨ ਕਰਦੇ ਹੋ, ਤਾਂ ਤੁਹਾਨੂੰ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਪਵੇਗੀ। ਵੱਖ-ਵੱਖ ਵਰਗਾਂ ਲਈ ਵੱਖ-ਵੱਖ ਰਜਿਸਟ੍ਰੇਸ਼ਨ ਫੀਸਾਂ ਨਿਰਧਾਰਤ ਕੀਤੀਆਂ ਗਈਆਂ ਹਨ। ਆਮ ਵਰਗ ਦੇ ਲੋਕਾਂ ਨੂੰ ਪੈਟਰੋਲ ਪੰਪ ਡੀਲਰਸ਼ਿਪ ਰਜਿਸਟ੍ਰੇਸ਼ਨ ਫੀਸ ਵਜੋਂ 8000 ਰੁਪਏ ਦੇਣੇ ਪੈਂਦੇ ਹਨ। ਇਸ ਦੇ ਨਾਲ ਹੀ ਪਛੜੇ ਵਰਗ ਲਈ ਪੈਟਰੋਲ ਪੰਪ ਡੀਲਰਸ਼ਿਪ ਰਜਿਸਟ੍ਰੇਸ਼ਨ ਫੀਸ 4000 ਰੁਪਏ ਹੈ। ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਲਈ 2000 ਰੁਪਏ ਦੀ ਪੈਟਰੋਲ ਪੰਪ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਪੈਂਦੀ ਹੈ।

ਕਿੰਨੇ ਨਿਵੇਸ਼ ਦੀ ਲੋੜ- ਜੇਕਰ ਤੁਸੀਂ ਪੇਂਡੂ ਖੇਤਰ ‘ਚ ਪੈਟਰੋਲ ਪੰਪ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ 15 ਲੱਖ ਤੋਂ 20 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਵਿੱਚੋਂ ਪੰਜ ਫੀਸਦੀ ਰਕਮ ਕੰਪਨੀ ਵੱਲੋਂ ਤੁਹਾਨੂੰ ਵਾਪਸ ਕਰ ਦਿੱਤੀ ਜਾਵੇਗੀ। ਸ਼ਹਿਰੀ ਖੇਤਰ ਵਿੱਚ ਪੈਟਰੋਲ ਪੰਪ ਖੋਲ੍ਹਣ ਲਈ 30 ਤੋਂ 35 ਲੱਖ ਰੁਪਏ ਖਰਚ ਕਰਨੇ ਪੈਣਗੇ। ਪੈਟਰੋਲ ਪੰਪ ਖੋਲ੍ਹਣ ਲਈ ਮੁੱਖ ਸੜਕ ਦੇ ਨੇੜੇ ਜ਼ਮੀਨ ਹੋਣੀ ਜ਼ਰੂਰੀ ਹੈ ਤਾਂ ਜੋ ਬਿਜਲੀ ਆਸਾਨੀ ਨਾਲ ਪਹੁੰਚ ਸਕੇ।