ਜਲੰਧਰ- ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਬੂਟਾ ਮੰਡੀ ਵਿਖੇ ਵਿਸ਼ਾਲ ਮਹਾਪੰਚਾਇਤ ਕੀਤੀ ਗਈ। ਇਸ ਦੌਰਾਨ ਸੂਬੇ ਦੀ ਆਪ ਸਰਕਾਰ ਦੇ ਦਲਿਤਾਂ, ਪੱਛੜੇ ਵਰਗਾਂ, ਕਿਰਤੀ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਮੀਡੀਆ ਅਦਾਰਿਆਂ ਖਿਲਾਫ ਕੀਤੇ ਜਾ ਰਹੇ ਜਬਰ, ਝੂਠੇ ਪਰਚਿਆਂ, ਨਸ਼ੇ, ਸਈਪੁਰ ’ਚ ਬਾਬਾ ਸਾਹਿਬ ਡਾ. ਅੰਬੇਡਕਰ ਪਾਰਕ ’ਚ ਭੰਨਤੋੜ, ਬਾਬਾ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਤੇ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਤੇ ਹੋਰ ਵਰਕਰਾਂ ਖਿਲਾਫ ਪੁਲਿਸ ਹਿੰਸਾ ਤੇ ਉਨ੍ਹਾਂ ਦੀ ਗਿ੍ਰਫਤਾਰੀ ਦਾ ਤਿੱਖਾ ਵਿਰੋਧ ਕੀਤਾ ਗਿਆ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ, ਸੂਬਾ ਇੰਚਾਰਜ ਡਾ. ਨਛੱਤਰ ਪਾਲ ਐਮਐਲਏ ਤੇ ਅਜੀਤ ਸਿੰਘ ਭੈਣੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਸਪਾ ਸੂਬਾ ਜਨਰਲ ਸਕੱਤਰ ਤੇ ਜਲੰਧਰ ਲੋਕਸਭਾ ਦੇ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਤੇ ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ ਦੀ ਦੇਖਰੇਖ ’ਚ ਹੋਏ ਇਸ ਪ੍ਰਦਰਸ਼ਨ ’ਚ ਲੋਕਾਂ ਦਾ ਭਾਰੀ ਇਕੱਠ ਹੋਇਆ।
ਪ੍ਰਦਰਸ਼ਨ ਨੂੰ ਸੰਬੋਧਿਤ ਕਰਦੇ ਹੋਏ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸੂਬੇ ’ਚ ਜਦੋਂ ਦੀ ਆਪ ਸਰਕਾਰ ਬਣੀ ਹੈ, ਉਦੋਂ ਤੋਂ ਦਲਿਤਾਂ, ਪੱਛੜੇ ਵਰਗਾਂ, ਕਿਰਤੀ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਤੇ ਮੀਡੀਆ ਅਦਾਰਿਆਂ ਖਿਲਾਫ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ ਨੂਰਪੁਰ ਅੱਡੇ ’ਤੇ ਨਸ਼ੇ ਖਿਲਾਫ ਪ੍ਰਦਰਸ਼ਨ ਕਰ ਰਹੇ 163 ਬਸਪਾ ਵਰਕਰਾਂ ’ਤੇ ਥਾਣਾ ਮਕਸੂਦਾਂ ਪੁਲਿਸ ਨੇ ਹਾਈਵੇ ਜਾਮ ਕਰਨ ਦਾ ਝੂਠਾ ਮਾਮਲਾ ਦਰਜ ਕੀਤਾ। ਇਸੇ ਤਰ੍ਹਾਂ ਆਪ ਸਰਕਾਰ ਦੇ ਰਾਜ ’ਚ ਸਈਪੁਰ ’ਚ ਡਾ. ਅੰਬੇਡਕਰ ਪਾਰਕ ’ਚ ਭੰਨਤੋੜ ਕੀਤੀ ਗਈ ਤੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਬਸਪਾ ਆਗੂਆਂ-ਵਰਕਰਾਂ ਨੇ ਜਦੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਲਾਠੀਚਾਰਜ ਕਰਦੇ ਹੋਏ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਸ. ਗੜ੍ਹੀ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ’ਚ ਜ਼ਿੰਮੇਵਾਰ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਜਲੰਧਰ ’ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਪੁਲਿਸ ਲਾਠੀਚਾਰਜ ਦੀ ਵੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮਾਮਲਿਆਂ ’ਚ ਬਣਦਾ ਇਨਸਾਫ ਨਾ ਮਿਲਿਆ ਤਾਂ ਬਸਪਾ ਵੱਲੋਂ ਇਸ ਮੁੱਦੇ ’ਤੇ ਸਤੰਬਰ ਮਹੀਨੇ ’ਚ ਵੱਡਾ ਇਕੱਠ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਨੂੰ ਸੰਬੋਧਿਤ ਕਰਦੇ ਹੋਏ ਬਸਪਾ ਸੂਬਾ ਇੰਚਾਰਜ ਡਾ. ਨਛੱਤਰ ਪਾਲ ਐਮਐਲਏ ਤੇ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਦਲਿਤ, ਪੱਛੜੇ ਵਰਗਾਂ ਦੇ ਹੱਕ ਖੋਏ ਜਾ ਰਹੇ ਹਨ ਤੇ ਇਨ੍ਹਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਜਦੋਂ ਇਨ੍ਹਾਂ ਵਰਗਾਂ ਦੇ ਲੋਕ ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਖਿਲਾਫ ਜਬਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਸਪਾ ਅਜਿਹੀਆਂ ਧੱਕੇਸ਼ਾਹੀਆਂ ਦਾ ਡਟ ਕੇ ਜਵਾਬ ਦੇਵੇਗੀ। ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਪ ਸਰਕਾਰ ਪੁਲਿਸ ਰਾਹੀਂ ਉਨ੍ਹਾਂ ਤੇ ਪਾਰਟੀ ਦੇ ਵਰਕਰਾਂ ਖਿਲਾਫ ਸਾਜਿਸ਼ਨ ਕੰਮ ਕਰ ਰਹੀ ਤਾਂ ਕਿ ਉਹ ਆਪ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਆਵਾਜ ਬੁਲੰਦ ਨਾ ਕਰਨ। ਉਨ੍ਹਾਂ ਕਿਹਾ ਕਿ ਹਲਕਾ ਕਰਤਾਰਪੁਰ ’ਚ ਪਿੰਡ-ਪਿੰਡ ਵਿਕ ਰਹੇ ਨਸ਼ੇ ਦਾ ਵਿਰੋਧ ਕਰਨ ਕਰਕੇ ਹੀ ਉਨ੍ਹਾਂ ਤੇ ਦਿਹਾਤੀ ਪੁਲਿਸ ਵੱਲੋਂ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਲੋਕਾਂ ਨੂੰ ਜਬਰ ਰਾਹੀਂ ਗੁਲਾਮ ਬਣਾਉਣਾ ਚਾਹੁੰਦੀ ਹੈ, ਜੋ ਕਿ ਪੰਜਾਬ ਦੇ ਲੋਕ ਹੋਣ ਨਹੀਂ ਦੇਣਗੇ ਤੇ ਬਸਪਾ ਇਸਦੇ ਲਈ ਡਟ ਕੇ ਲੋਕਾਂ ਦੀ ਲੜਾਈ ਲੜੇਗੀ। ਇਸ ਮੌਕੇ ਬੂਟਾ ਮੰਡੀ ਤੋਂ ਡਾ. ਬੀ.ਆਰ. ਅੰਬੇਡਕਰ ਚੌਕ ਤੱਕ ਆਪ ਸਰਕਾਰ ਖਿਲਾਫ ਮਾਰਚ ਕੀਤਾ ਗਿਆ ਤੇ ਰਾਜਪਾਲ ਦੇ ਨਾਂ ਮੈਮੋਰੰਡਮ ਦਿੱਤਾ ਗਿਆ, ਜਿਸ ’ਚ ਮੰਗ ਕੀਤੀ ਗਈ ਕਿ ਇਨ੍ਹਾਂ ਮਾਮਲਿਆ ’ਚ ਦਖਲ ਦੇ ਕੇ ਲੋਕਾਂ ਖਿਲਾਫ ਆਪ ਦਾ ਜਬਰ ਰੋਕਿਆ ਜਾਵੇ।
ਇਸ ਮੌਕੇ ਬਸਪਾ ਆਗੂ ਲਾਲ ਚੰਦ ਔਜਲਾ, ਤੀਰਥ ਰਾਜਪੁਰਾ, ਜਗਦੀਸ਼ ਦੀਸ਼ਾ, ਪਰਮਜੀਤ ਮੱਲ, ਗੁਰਲਾਲ ਸੈਲਾ, ਬਲਦੇਵ ਮਹਿਰਾ, ਤਰਸੇਮ ਥਾਪਰ, ਚਮਕੌਰ ਸਿੰਘ ਵੀਰ, ਸੁਖਵਿੰਦਰ ਬਿੱਟੂ, ਵਿਜੈ ਯਾਦਵ, ਬਲਵਿੰਦਰ ਰੱਲ, ਜਗਦੀਸ਼ ਸ਼ੇਰਪੁਰੀ, ਮਦਨ ਮੱਦੀ, ਬਲਵੀਰ ਬੰਗੜ, ਦਵਿੰਦਰ ਗੋਗਾ, ਲਾਲ ਸਿੰਘ ਸੁਲਹਾਣੀ, ਹਰਭਜਨ ਬਜਹੇੜੀ, ਰਾਜਾ ਰਜਿੰਦਰ ਸਿੰਘ ਨਨਹੇੜੀਆ, ਚੌਧਰੀ ਗੁਰਨਾਮ ਸਿੰਘ, ਸੰਤ ਰਾਮ ਮੱਲੀਆਂ, ਡਾ ਮੱਖਣ ਸਿੰਘ, ਉਂਕਾਰ ਸਿੰਘ ਝੰਮਟ, ਦਲਜੀਤ ਰਾਏ, ਮਹਿੰਦਰ ਸੰਧਰਾ, ਪਰਵੀਨ ਬੰਗਾ, ਬਲਵਿੰਦਰ ਬਿੱਟਾ, ਡਾ. ਜਸਪ੍ਰੀਤ ਸਿੰਘ, ਪ੍ਰਭਜਿੰਦਰ ਸਿੰਘ ਪੱਤੜ, ਯੋਗਾ ਸਿੰਘ ਪਨੌਦੀਆ, ਐਡਵੋਕਟ ਗੁਰਬਖਸ਼ ਸਿੰਘ ਸਮੇਤ ਵੱਡੀ ਗਿਣਤੀ ’ਚ ਪਾਰਟੀ ਆਗੂ ਤੇ ਵਰਕਰ ਮੌਜ਼ੂਦ ਸਨ।