05/16/2024 1:33 PM

ਥਾਣੇ ਆਉਣ ਲਈ ਪੁਲਿਸ ਨੇ ਜਾਰੀ ਕੀਤਾ ਡਰੈੱਸ ਕੋਡ

ਜਲੰਧਰ ਵਿੱਚ ਪੰਜਾਬ ਪੁਲਿਸ ਦਾ ਇੱਕ ਫਰਮਾਨ ਕਾਫ਼ੀ ਸੁਰਖੀਆਂ ਬਟੌਰ ਰਿਹਾ ਹੈ। ਇਹ ਹੁਕਮ ਆਮ ਜਨਤਾ ਲਈ ਜਾਰੀ ਕੀਤੇ ਗਏ ਹਨ। ਇਹਨਾਂ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਥਾਣੇ ਵਿੱਚ ਨਿੱਕਰ ਜਾਂ ਕੈਪਰੀ ਪਾ ਕੇ ਆਉਣਾ ਸਖ਼ਤ ਮਨਾ ਹੈ। ਇਹ ਨੋਟਿਸ ਜਲੰਧਰ ਥਾਣਿਆਂ ਦੇ ਬਾਹਰ ਲਗਾਏ ਗਏ ਹਨ। ਜਿਸ ਵਿੱਚ ਮੋਟੋ ਮੋਟੋ ਅੱਖਰਾਂ ਨਾਲ ਹਦਾਇਤ ਕੀਤੀ ਗਈ ਹੈ।

ਜਲੰਧਰ ਜਿਲ੍ਹੇ ਵਿੱਚ ਪਹਿਲਾਂ ਧਾਰਮਿਕ ਅਸਥਾਨਾਂ ਵੱਲੋਂ ਸ਼ਰਧਾਲੂਆਂ ਲਈ ਡਰੈੱਸ ਕੋਡ ਜਾਰੀ ਕੀਤਾ ਗਿਆ ਅਤੇ ਮੰਦਰਾਂ ਦੇ ਬਾਹਰ ਵੀ ਅਜਿਹਾ ਹੀ ਨੋਟਿਸ ਲਗਾਇਆ ਗਿਆ ਸੀ। ਹੁਣ ਜਲੰਧਰ ਪੁਲਿਸ ਸਟੇਸ਼ਨਾਂ ‘ਚ ਆਮ ਜਨਤਾ ਦੇ ਦਾਖਲ ਹੋਣ ਲਈ ਡਰੈੱਸ ਕੋਡ ਜਾਰੀ ਕੀਤਾ ਗਿਆ ਹੈ।

ਇਸ ਸਬੰਧੀ ਥਾਣਾ ਨੰਬਰ 4 ਦੇ ਐਡੀਸ਼ਨਲ ਐਚ.ਓ ਸੁਰਜੀਤ ਸਿੰਘ ਸਿੰਘ ਨੇ ਦੱਸਿਆ ਕਿ ਥਾਣਿਆਂ ਵਿੱਚ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਪੋਸਟਰ ਸਾਰੇ ਥਾਣਿਆਂ ਵਿੱਚ ਇਸ ਲਈ ਲਗਾਏ ਗਏ ਹਨ ਕਿਉਂਕਿ ਕੁਝ ਲੋਕਾਂ ਨੇ ਇਤਰਾਜ਼ ਕੀਤਾ ਸੀ ਕਿ ਬਹੁਤ ਸਾਰੇ ਲੋਕ ਛੋਟੇ ਸ਼ਾਰਟਸ ਅਤੇ ਕੈਪਰੀ ਪਾ ਕੇ ਥਾਣਿਆਂ ਵਿੱਚ ਜਾਂਦੇ ਹਨ।

ਸੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਅਜਿਹੇ ਕੱਪੜੇ ਪਾ ਕੇ ਥਾਣੇ ਦੇ ਅੰਦਰ ਆਉਂਦਾ ਹੈ ਤਾਂ ਉਸ ਦੀ ਸ਼ਿਕਾਇਤ ਨਹੀਂ ਸੁਣੀ ਜਾਵੇਗੀ, ਹਾਂ ਇਹ ਵੱਖਰੀ ਗੱਲ ਹੈ ਕਿ ਉਸ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਬਹੁਤ ਸਾਰੇ ਲੋਕ ਸਮਝਦਾਰ ਹੁੰਦੇ ਹਨ ਪਰ ਜਦੋਂ ਬਹੁਤ ਸਾਰੇ ਲੋਕ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਵਿੱਚੋਂ ਇੱਕ ਜਾਂ ਦੋ ਨੇ ਸ਼ਾਰਟਸ ਅਤੇ ਕੈਪਰੀ ਪਹਿਨੇ ਹੁੰਦੇ ਹਨ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੂਰੇ ਕੱਪੜੇ ਪਾ ਕੇ ਅਤੇ ਕੈਪਰੀ-ਨਿਕਰ ਨਾ ਪਹਿਨ ਕੇ ਥਾਣੇ ਆਉਣ। ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਤਕਲੀਫ਼ ਹੋਵੇ। ਇਹ ਹੁਕਮ ਹਰ ਕਿਸੇ ‘ਤੇ ਲਾਗੂ ਹੋਣਗੇ ਨਾ ਕਿ ਸਿਰਫ਼ ਆਮ ਲੋਕਾਂ ‘ਤੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਕੋਈ ਪੁਲੀਸ ਮੁਲਾਜ਼ਮ ਅਜਿਹਾ ਕਰਦਾ ਹੈ ਤਾਂ ਉਨ੍ਹਾਂ ਕਿਹਾ ਕਿ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਨਿਯਮ ਸਭ ਲਈ ਬਰਾਬਰ ਹਨ।