ਨਸ਼ਾ ਕੇਂਦਰ ਤੋਂ ਫਰਾਰ ਹੋਏ 5 ਨੌਜਵਾਨਾਂ ਨੇ ਨਦੀ ਵਿਚ ਛਾਲ ਮਾਰ ਦਿੱਤੀ ਜਿਨ੍ਹਾਂ ਵਿਚੋਂ 2 ਦੀ ਡੁੱਬ ਕੇ ਮੌ.ਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਉਨ੍ਹਾਂ ਨੂੰ ਰਾਜੇਂਦਰ ਹਸਪਤਾਲ ਦੀ ਮੋਰਚਰੀ ਵਿਚ ਭਿਜਵਾ ਦਿੱਤਾ ਗਿਆ ਹੈ। ਮਰਨ ਵਾਲਿਆਂ ਦੀ ਉਮਰ 25 ਤੋਂ 30 ਸਾਲ ਵਿਚਕਾਰ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਨਸ਼ਾ ਮੁਕਤੀ ਕੇਂਦਰ ਦੇ ਸਟਾਫ ਮੈਂਬਰਾਂ ਵੱਲੋਂ ਇਨ੍ਹਾਂ ਨੌਜਵਾਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਮੌਕੇ ’ਤੇ ਮੌਜੂਦ ਕੌਸ਼ਲ ਤੇ ਆਸ਼ੂ ਨਾਮਕ ਨੌਜਵਾਨਾਂ ਨੇ ਦੱਸਿਆ ਕਿ ਪੰਜ ਨੌਜਵਾਨ ਘਲੋੜੀ ਗੇਟ ਵੱਲੋਂ ਵੱਡੀ ਨਦੀ ਕੋਲ ਭੱਜ ਰਹੇ ਸਨ। ਇਨ੍ਹਾਂ ਦਾ ਪਿੱਛਾ ਤਿੰਨ ਕਾਰ ਵੱਲੋਂ ਕੀਤਾ ਜਾ ਰਿਹਾ ਸੀ। ਆਪਣੇ ਆਪ ਨੂੰ ਘਿਰਦਾ ਦੇਖ ਕੇ ਨੌਜਵਾਨਾਂ ਨੇ ਨਦੀ ਵਿਚ ਛਲਾਂਗ ਮਾਰ ਦਿੱਤੀ। ਜਿਨ੍ਹਾਂ ਵਿਚੋਂ ਇਕ ਨੇ ਤੈਰ ਕੇ ਨਦੀ ਪਾਰ ਕਰ ਲਈ। 2 ਨੂੰ ਲੋਕਾਂ ਵੱਲੋਂ ਬਚਾਅ ਲਿਆ ਗਿਆ ਤੇ 2 ਵਿਅਕਤੀਆਂ ਦੀ ਡੁੱਬ ਕੇ ਮੌਤ ਹੋ ਗਈ।
ਥਾਣਾ ਕੋਤਵਾਲੀ ਤੋਂਪਹੁੰਚੇ ਏਐੱਸਆਈ ਅਜਾਇਬ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਤੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਨੂੰ ਬਾਹਰ ਕੱਢਿਆ ਪਰ ਉਦੋਂ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।