07/27/2024 12:18 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਾਮਜ਼ਦ,21 ਅਕਤੂਬਰ ਤੋਂ 15 ਨਵੰਬਰ ਤੱਕ ਹੋਵੇਗੀ ਵੋਟਰਾਂ ਦੀ ਰਜਿਸਟ੍ਰੇਸ਼ਨ

 

ਜਲੰਧਰ : ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਜ਼ਿਲ੍ਹੇ ਵਿੱਚ 6 ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਾਮਜ਼ਦ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 78-ਫਿਲੌਰ ਲਈ ਉਪ ਮੰਡਲ ਮੈਜਿਸਟ੍ਰੇਟ ਫਿਲੌਰ ਨੂੰ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਹਲਕਾ 79-ਨਕੋਦਰ ਲਈ ਉਪ ਮੰਡਲ ਮੈਜਿਸਟ੍ਰੇਟ ਨਕੋਦਰ, 80-ਸ਼ਾਹਕੋਟ ਲਈ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ, 81-ਆਦਮਪੁਰ ਲਈ ਉਪ ਮੰਡਲ ਮੈਜਿਸਟ੍ਰੇਟ ਜਲੰਧਰ-1, 82-ਜਲੰਧਰ ਸ਼ਹਿਰ ਲਈ ਜੁਆਇੰਟ ਕਮਿਸ਼ਨਰ ਨਗਰ ਨਿਗਮ, ਜਲੰਧਰ ਅਤੇ 83-ਕਰਤਾਰਪੁਰ ਲਈ ਉਪ ਮੰਡਲ ਮੈਜਿਸਟ੍ਰੇਟ ਜਲੰਧਰ-2 ਨੂੰ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਲਗਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 78-ਫਿਲੌਰ ਵਿੱਚ ਫਿਲੌਰ ਤਹਿਸੀਲ (ਸਿਵਾਏ ਨਗਰ ਕੌਂਸਲ ਨੂਰਮਹਿਲ, ਕਾਨੂੰਗੋ ਸਰਕਲ ਨੂਰਮਹਿਲ, ਜੰਡਿਆਲਾ ਤੇ ਤਲਵਣ) ਸ਼ਾਮਲ ਹਨ। ਇਸੇ ਤਰ੍ਹਾਂ 79-ਨਕੋਦਰ ਵਿੱਚ ਨਗਰ ਕੌਂਸਲ ਨੂਰਮਹਿਲ, ਕਾਨੂੰਗੋ ਸਰਕਲ ਨੂਰਮਹਿਲ, ਜੰਡਿਆਲਾ ਤੇ ਤਲਵਣ (ਤਹਿਸੀਲ ਫਿਲੌਰ) ਅਤੇ ਨਕੋਦਰ ਤਹਿਸੀਲ (ਸਿਵਾਏ ਕਾਨੂੰਗੋ ਸਰਕਲ ਉਗੀ ਅਤੇ ਗਿੱਲ) ਅਤੇ 80-ਸ਼ਾਹਕੋਟ ਵਿੱਚ ਸ਼ਾਹਕੋਟ ਤਹਿਸੀਲ ਅਤੇ ਤਹਿਸੀਲ ਨਕੋਦਰ ਦੇ ਕਾਨੂੰਗੋ ਸਰਕਲ ਉਗੀ ਤੇ ਗਿੱਲ ਸ਼ਾਮਲ ਹਨ।

ਇਸੇ ਤਰ੍ਹਾਂ 81-ਆਦਮਪੁਰ ਚੋਣ ਹਲਕੇ ਵਿੱਚ ਜਲੰਧਰ-1 ਤਹਿਸੀਲ (ਸਿਵਾਏ ਨਗਰ ਨਿਗਮ, ਜਲੰਧਰ) ਤਹਿਸੀਲ ਆਦਮਪੁਰ ਦੇ ਕਾਨੂੰਗੋ ਸਰਕਲ ਆਦਮਪੁਰ, ਕਾਲਰਾ, ਅਲਾਵਲਪੁਰ ਅਤੇ ਤਹਿਸੀਲ ਜਲੰਧਰ-2 ਦਾ ਕਾਨੂੰਗੋ ਸਰਕਲ ਲਾਂਬੜਾ ਦੇ ਪਟਵਾਰ ਸਰਕਲ ਮਲਕੋ, ਕਲਿਆਣਪੁਰ, ਲੱਲੀਆਂ ਕਲਾਂ, ਚਿੱਟੀ, ਸਿੰਘ ਅਤੇ ਲਾਂਬੜਾ ਸ਼ਾਮਲ ਹਨ।

82-ਜਲੰਧਰ ਸ਼ਹਿਰ ਵਿੱਚ ਤਹਿਸੀਲ ਜਲੰਧਰ-1 ਵਿੱਚ ਪੈਂਦਾ ਨਗਰ ਨਿਗਮ ਦਾ ਖੇਤਰ ਅਤੇ 83-ਕਰਤਾਰਪੁਰ ਵਿੱਚ ਤਹਿਸੀਲ ਜਲੰਧਰ-2 (ਸਿਵਾਏ ਕਾਨੂੰਗੋ ਸਰਕਲ ਲਾਂਬੜਾ ਦੇ ਪਟਵਾਰ ਸਰਕਲ ਮਲਕੋ, ਕਲਿਆਣਪੁਰ, ਲੱਲੀਆਂ ਕਲਾਂ, ਚਿੱਟੀ, ਸਿੰਘ ਅਤੇ ਲਾਂਬੜਾ) ਅਤੇ ਤਹਿਸੀਲ ਆਦਮਪੁਰ ਦੇ ਕਾਨੂੰਗੋ ਸਰਕਲ ਨੰਗਰ ਫੀਦਾ, ਭੋਗਪੁਰ ਅਤੇ ਪਚਰੰਗਾ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਪਾਸੋਂ ਜਾਰੀ ਪ੍ਰੋਗਰਾਮ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ 21 ਅਕਤੂਬਰ ਤੋਂ 15 ਨਵੰਬਰ 2023 ਤੱਕ ਹੋਵੇਗੀ।

ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਸਬੰਧਤ ਪਟਵਾਰ ਹਲਕੇ ਦੇ ਪਟਵਾਰੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲ ਜਾਂ ਲੋਕਲ ਅਥਾਰਟੀਜ਼ ਦੇ ਕਰਮਚਾਰੀਆਂ, ਜਿਨ੍ਹਾਂ ਨੂੰ ਸਬੰਧਤ ਏਰੀਏ ਦੇ ਰਿਵਾਈਜ਼ਿੰਗ ਅਥਾਰਟੀ ਵੱਲੋਂ ਨਾਮਜ਼ਦ ਕੀਤਾ ਗਿਆ ਹੈ, ਪਾਸ ਸੰਭਾਵੀ ਵੋਟਰ ਆਪਣੇ-ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ ਫਾਰਮ ਜਮ੍ਹਾ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਫਾਰਮ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ http://jalandhar.nic.in ’ਤੇ ਉਪਲਬਧ ਹੈ।

ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਆਂ ਲਈ ਵੋਟਰ ਬਣਨ ਲਈ ਵਿਅਕਤੀ ਕੇਸਾਧਾਰੀ ਸਿੱਖ ਹੋਣਾ ਲਾਜ਼ਮੀ ਹੈ।

ਵਿਅਕਤੀ ਆਪਣੀ ਦਾੜੀ ਜਾਂ ਕੇਸ ਨਾ ਕੱਟਦਾ/ਕੱਟਦੀ ਹੋਵੇ ਅਤੇ ਨਾ ਹੀ ਸ਼ੇਵ ਕਰਦਾ/ਕਰਦੀ ਹੋਵੇ, ਕਿਸੇ ਵੀ ਰੂਪ ਵਿੱਚ ਤੰਬਾਕੂਨੋਸ਼ੀ ਨਾ ਕਰਦਾ/ਕਰਦੀ ਹੋਵੇ ਅਤੇ ਨਾ ਹੀ ਕੁੱਠਾ (ਹਲਾਲ) ਮਾਸ ਦਾ ਸੇਵਨ ਕਰਦਾ/ਕਰਦੀ ਹੋਵੇ, ਸ਼ਰਾਬ ਨਾ ਪੀਂਦਾ/ਪੀਂਦੀ ਹੋਵੇ, ਪਤਿਤ ਨਾ ਹੋਵੇ।

ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਅਤੇ ਵਿਅਕਤੀ, ਭਾਵੇਂ ਉਹ ਸਮਾਜਿਕ ਜਾਂ ਧਾਰਮਿਕ ਹੋਣ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਲਈ ਯਤਨਸ਼ੀਲ ਹਨ, ਨੂੰ ਅਪੀਲ ਹੈ ਕਿ ਉਹ ਯੋਗ ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਵੋਟਰ ਰਜਿਸਟ੍ਰੇਸ਼ਨ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਤਾਂ ਜੋ ਨਿਰਧਾਰਿਤ ਮਿਆਦ ਦੇ ਅੰਦਰ ਸਾਰੇ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਨੂੰ ਮੁਕੰਮਲ ਕੀਤਾ ਜਾ ਸਕੇ।