ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਮਾਈਨਿੰਗ ਮਾਫੀਆ ਨਾਲ ਰਲ ਕੇ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਰਹੇ ਹਨ। ਸੁਖਬੀਰ ਬਾਦਲ ਨੇ ਕਿਹ ਕਿ ਮੁੱਖ ਮੰਤਰੀ ਭਗਵੰਤ ਮਾਨ ਝੂਠਾ ਪ੍ਰਚਾਰ ਤੇ ਪੇਡ ਨਿਊਜ਼ ਮੁਹਿੰਮ ਬੰਦ ਕਰਨ ਤੇ ਪੰਜਾਬ ਵਿਚ ਗੁੰਡਾ ਰਾਜ ਖ਼ਤਮ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਅਖ਼ਬਾਰਾਂ ਤੇ ਮੀਡੀਆ ਘਰਾਣਿਆਂ ਲਈ ਸੱਤ ਸੌ ਕਰੋੜ ਰੁਪਏ ਦਾ ਬਜਟ ਰੱਖਿਆ ਹੈ ਤਾਂ ਜੋ ਇਹ ਆਪਣਾ ਹੀ ਪ੍ਰਾਪੇਗੰਡਾ ਕਰ ਸਕੇ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਦੀ ਢਿੱਲ ਕਾਰਨ ਗੈਂਗਸਟਰ ਸੂਬਾ ਪੁਲਿਸ ਮੁਖੀ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਹਨ।
ਅੱਜ ਪੰਜਾਬ ਰਾਜਪਾਲ ਨਾਲ ਮੁਲਾਕਾਤ ਕਰੇਗਾ ਸ਼੍ਰੋਮਣੀ ਅਕਾਲੀ ਦਲ ਦਾ ਵਫਦ
ਉਧਰ, ਪੰਜਾਬ ਆਬਕਾਰੀ ਨੀਤੀ 2022 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਅੱਜ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ ਕਰੇਗਾ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇਹ ਵਫਦ ਰਾਜਪਾਲ ਕੋਲ ਪਹੁੰਚੇਗਾ। ਸਵੇਰੇ 11 ਵਜੇ ਇਹ ਮੁਲਾਕਾਤ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਫ਼ਦ ਵੱਲੋਂ ਉਨ੍ਹਾਂ ਨੂੰ ਪੰਜਾਬ ਆਬਕਾਰੀ ਨੀਤੀ 22 ਵਿੱਚ ਹੋਈਆਂ ਗੰਭੀਰ ਬੇਨਿਯਮੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਸਮੁੱਚੇ ਘੁਟਾਲੇ ਦੀ ਉੱਚ ਪੱਧਰੀ ਸੁਤੰਤਰ ਜਾਂਚ ਦੀ ਮੰਗ ਕੀਤੀ ਜਾਵੇਗੀ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਵੱਡਾ ਵਿਵਾਦ ਹੋ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੀ ਆਬਕਾਰੀ ਨੀਤੀ ਦੀ ਸੀਬੀਆਈ ਅਤੇ ਈਡੀ ਜਾਂਚ ਦੀ ਮੰਗ ਕੀਤੀ ਹੈ। ਪੰਜਾਬ ਦੀ 500 ਕਰੋੜ ਦੀ ਆਬਕਾਰੀ ਨੀਤੀ ਵਿੱਚ ਦਿੱਲੀ ਦੀਆਂ ਦੋ ਸ਼ਰਾਬ ਕੰਪਨੀਆਂ ਦੀ ਵੀ ਮਨੋਪਲੀ ਬਣਾਈ ਗਈ ਹੈ।
ਸੁਖਬੀਰ ਬਾਦਲ ਨੇ ਇਹ ਦੋਸ਼ ਲਾਉਂਦਿਆਂ ਕਿਹਾ ਕਿ ਆਬਕਾਰੀ ਨੀਤੀ ਬਣਾਉਣ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਅਫਸਰਾਂ, ਸਿਆਸਤਦਾਨਾਂ ਅਤੇ ਸ਼ਰਾਬ ਕਾਰੋਬਾਰੀਆਂ ਦੇ ਫੋਨ ਅਤੇ ਡਾਟਾ ਤੁਰੰਤ ਜ਼ਬਤ ਕੀਤਾ ਜਾਣਾ ਚਾਹੀਦਾ ਹੈ। ਅਕਾਲੀ ਦਲ ਹੁਣ ਰਾਜ ਭਵਨ ਜਾ ਕੇ ਪੰਜਾਬ ਦੀ ਆਬਕਾਰੀ ਨੀਤੀ ਦੀ ਜਾਂਚ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਵੇਗਾ। ਅਕਾਲੀ ਦਲ ਇਸ ਦੀ ਜਾਂਚ ਲਈ ਸੀਬੀਆਈ ਅਤੇ ਈਡੀ ਨੂੰ ਸ਼ਿਕਾਇਤ ਵੀ ਦੇਵੇਗਾ।
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਦਿੱਲੀ ਦੇ ਚਹੇਤੇ ਸ਼ਰਾਬ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਵੀ L1 ਦਿੱਤਾ ਗਿਆ ਹੈ। ਦੇਸ਼ ‘ਚ ਦੋ ਕੰਪਨੀਆਂ 80% ਬ੍ਰਾਂਡ ਵੇਚਦੀਆਂ ਹਨ। ਅਮਨਦੀਪ ਧਾਲਾ ਦੀ ਦਿੱਲੀ ਦੀ ਬ੍ਰਿੰਡਕੋ ਕੰਪਨੀ ਅਤੇ ਅਨੰਤ ਵਾਈਨ ਦੂਜੀ ਕੰਪਨੀ ਹੈ ਜੋ ਪ੍ਰਚੂਨ ਵਿਕਰੇਤਾ ਨੂੰ ਸ਼ਰਾਬ ਵੇਚਣ ਲਈ ਏਕਾਧਿਕਾਰ ਦਾ ਹਿੱਸਾ ਹਨ।