05/21/2024 1:41 AM

ਕੰਗਾਲ ਕਰ ਦੇਣਗੇ ਚੀਨ ਐਪ!

ਤੁਸੀਂ ਹਾਲ ਹੀ ਵਿੱਚ ਲੋਨ ਐਪ ਕਾਰਨ ਖੁਦਕੁਸ਼ੀ ਦੀਆਂ ਕਈ ਖਬਰਾਂ ਸੁਣੀਆਂ ਹੋਣਗੀਆਂ। ਇਸ ਦੌਰਾਨ, ਸਾਈਬਰ ਸੁਰੱਖਿਆ ਖੋਜਕਰਤਾਵਾਂ ਨੇ ਇੱਕ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਬਹੁਤ ਸਾਰੇ ਭਾਰਤੀ ਚੀਨੀ ਲੋਨ ਐਪਸ ਦੇ ਜਾਲ ਵਿੱਚ ਫਸ ਸਕਦੇ ਹਨ। ਇਹ ਐਪਸ ਤੁਹਾਨੂੰ ਤੁਰੰਤ ਲੋਨ ਦੇਣ ਲਈ ਭਰਮਾਉਂਦੇ ਹਨ ਤੇ ਤੁਹਾਡੀ ਸਾਰੀ ਜਾਣਕਾਰੀ ਚੋਰੀ ਕਰ ਲੈਂਦੇ ਹਨ।

CloudSEK ਦੀ ਰਿਪੋਰਟ ਅਨੁਸਾਰ ਇਹ ਘੁਟਾਲੇਬਾਜ਼ ਲੋੜੀਂਦੇ ਕਰਜ਼ਿਆਂ ਤੇ ਆਸਾਨ ਅਦਾਇਗੀ ਦੇ ਝੂਠੇ ਵਾਅਦੇ ਕਰਕੇ ਭਾਰਤੀਆਂ ਨੂੰ ਧੋਖਾ ਦੇ ਰਹੇ ਹਨ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ਲਈ ਇਸ ਸਮੇਂ ਵੱਖ-ਵੱਖ ਪਲੇਟਫਾਰਮਾਂ ‘ਤੇ 55 ਤੋਂ ਜ਼ਿਆਦਾ ਐਂਡਰਾਇਡ ਐਪਸ ਐਕਟਿਵ ਹਨ, ਜੋ ਇੰਡੋਨੇਸ਼ੀਆ, ਮਲੇਸ਼ੀਆ, ਦੱਖਣੀ ਅਫਰੀਕਾ, ਮੈਕਸੀਕੋ, ਬ੍ਰਾਜ਼ੀਲ, ਤੁਰਕੀ, ਵੀਅਤਨਾਮ, ਫਿਲੀਪੀਂਸ ਸਮੇਤ ਕਈ ਦੇਸ਼ਾਂ ‘ਚ ਇਨ੍ਹਾਂ ਫਰਜ਼ੀ ਪੇਮੈਂਟ ਗੇਟਵੇ ਦੀ ਵਰਤੋਂ ਕਰ ਰਹੀਆਂ ਹਨ।

ਇਹ ਸਕੈਮਰ ਕਿਵੇਂ ਕੰਮ ਕਰਦੇ?
ਚੀਨੀ ਘੁਟਾਲੇਬਾਜ਼ਾਂ ਦੇ ਢੰਗ-ਤਰੀਕੇ ਵਿੱਚ ਫਰਜ਼ੀ ਤਤਕਾਲ ਲੋਨ ਐਪਸ ਬਣਾਉਣਾ, ਗੈਰ-ਕਾਨੂੰਨੀ ਐਪਸ ਨੂੰ ਉਤਸ਼ਾਹਿਤ ਕਰਨਾ, ਨਿੱਜੀ ਜਾਣਕਾਰੀ ਦੀ ਮੰਗ ਕਰਨਾ ਤੇ ਪ੍ਰਕਿਰਿਆ ਫੀਸ ਦਾ ਭੁਗਤਾਨ ਕਰਨਾ ਤੇ ਫਿਰ ਭੁਗਤਾਨ ਤੋਂ ਬਾਅਦ ਗਾਇਬ ਹੋ ਜਾਣਾ ਸ਼ਾਮਲ ਹੈ।

ਇਹ ਘਪਲੇਬਾਜ ਪੁਲਿਸ ਤੋਂ ਕਿਵੇਂ ਬਚਦੇ?
ਰਿਪੋਰਟ ਮੁਤਾਬਕ ਇਹ ਫਰਜ਼ੀ ਐਪਸ ਪੇਮੈਂਟ ਲਈ ਚਾਈਨੀਜ਼ ਗੇਟਵੇ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਟਰੈਕ ਕਰਨਾ ਮੁਸ਼ਕਲ ਹੈ। ਇਸ ਕਾਰਨ ਇਹ ਐਪ ਭਾਰਤੀਆਂ ਨੂੰ ਧੋਖਾ ਦਿੰਦੇ ਹਨ ਤੇ ਅਚਾਨਕ ਗਾਇਬ ਹੋ ਜਾਂਦੇ ਹਨ। ਇਨ੍ਹਾਂ ਐਪਸ ਦੇ ਚੁੰਗਲ ਤੋਂ ਬਚਣ ਲਈ, ਤੁਹਾਨੂੰ ਇਨ੍ਹਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।

ਇਸ ਵਾਰ ਚੀਨੀ ਸਾਈਬਰ ਠੱਗਾਂ ਨੇ ਫਰਜ਼ੀ ਲੋਨ ਐਪਸ ਬਣਾਈਆਂ ਹਨ। ਇਨ੍ਹਾਂ ਐਪਸ ਦਾ ਕੰਮ ਲੋਕਾਂ ਨੂੰ ਲੋਨ ਦੇਣਾ ਨਹੀਂ, ਸਗੋਂ ਉਨ੍ਹਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨਾ ਹੈ। ਪਹਿਲੀ ਗੱਲ ਇਹ ਹੈ ਕਿ ਇਹ ਲੋਨ ਐਪਸ ਪੂਰੀ ਤਰ੍ਹਾਂ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹਨ।

ਲੋਨ ਦੇਣ ਦੇ ਨਾਂ ‘ਤੇ ਲੋਕਾਂ ਤੋਂ ਆਧਾਰ ਕਾਰਡ, ਪੈਨ ਕਾਰਡ ਤੇ ਬੈਂਕ ਦੀ ਜਾਣਕਾਰੀ ਲੈਣ ਤੋਂ ਬਾਅਦ ਇਹ ਐਪਸ ਉਨ੍ਹਾਂ ਦੇ ਐਪ ਖਾਤਿਆਂ ਨੂੰ ਬਲਾਕ ਕਰ ਰਹੇ ਹਨ। ਬਾਅਦ ਵਿੱਚ, ਤੁਹਾਨੂੰ ਤੁਹਾਡੇ ਆਪਣੇ ਨਿੱਜੀ ਦਸਤਾਵੇਜ਼ਾਂ ਦੇ ਨਾਮ ‘ਤੇ ਬਲੈਕਮੇਲ ਕੀਤਾ ਜਾਵੇਗਾ। ਬਿਹਤਰ ਹੈ ਕਿ ਤੁਸੀਂ ਕਿਸੇ ਵੀ ਐਪ ਤੋਂ ਲੋਨ ਨਾ ਲਓ।