07/27/2024 7:51 AM

ਦਲਜੀਤ ਸੋਨਾ ਗੁਰਪਿੰਦਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ।

ਜਲੰਧਰ: (ਮਨਪਰੀਤ ਸਿੰਘ) ਰੰਗਮੰਚ ਪ੍ਰਤੀ ਆਪਣੀ ਪ੍ਰਤਿਬੱਧਤਾ ਅਤੇ ਨਿਰੰਤਰਤਾ ਦੇ ਚਲਦੇ ਹਰ ਦਿਨ ਨਵੇਂ ਮੁਕਾਮ ਹਾਸਲ ਕਰਨ ਵਾਲੇ ਦਲਜੀਤ ਸਿੰਘ ਸੋਨਾ ਨੇ ਰੰਗਮੰਚ ਦੀ ਦੁਨੀਆਂ ਵਿੱਚ ਇੱਕ ਵੱਖਰਾ ਸਥਾਨ ਬਣਾਇਆ ਹੈ। ਇਸ ਦੇ ਚਲਦੇ ਦਸਤਕ ਥੀਏਟਰ ਵੱਲੋਂ ਆਈਨਾ ਨੈਸ਼ਨਲ ਥੀਏਟਰ ਫੈਸਟਵਲ ਦੇ ਸਮਾਪਨ ਮੌਕੇ ਦਲਜੀਤ ਸਿੰਘ ਸੋਨਾ ਨੂੰ ਗੁਰਪਿੰਦਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਦਲਜੀਤ ਸੋਨਾ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੇ ਅਧੀਨ ਆਪਣੇ ਘਰ ਦੀ ਛੱਤ ਤੇ “ਸਾਡਾ ਨਾਟ ਘਰ” ਨਾਮ ਦਾ ਓਪਨ ਏਅਰ ਥੀਏਟਰ ਬਣਾ ਕੇ ਉਹ ਹਰ ਸੋਮਵਾਰ ਨੂੰ ਸ਼ਾਮ ਵੇਲੇ 100 ਦੇ ਕਰੀਬ ਦਰਸ਼ਕਾਂ ਸਾਹਮਣੇ ਨਾਟਕਾਂ ਦੀਆਂ ਖ਼ੂਬਸੂਰਤ ਪੇਸ਼ਕਾਰੀਆਂ ਕਰਦਾ ਹੈ। ਲਗਭਗ 3 ਸਾਲਾਂ ਤੋਂ ਸੁਲਤਾਨਵਿੰਡ ਰੋਡ ਦੇ ਜੋਧ ਨਗਰ ‘ਚ ਚਲਦੇ ਆ ਰਹੇ ਇਸ “ਸਾਡਾ ਨਾਟ ਘਰ” ਵਿੱਚ ਹੁਣ ਤੱਕ ਦੇ 125 ਸ਼ੋ ਹੋ ਚੁੱਕੇ ਹਨ। ਇਸ ਦੌਰਾਨ ਬਹੁਤ ਸਾਰੀਆਂ ਨਾਮਵਰ ਸ਼ਖਸ਼ੀਅਤਾਂ ਇਥੇ ਸਮੇਂ ਸਮੇਂ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੀਆਂ ਰਹੀਆਂ ਹਨ ਜਿਨ੍ਹਾਂ ਵਿਚੋਂ ਸ਼ਿਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪ੍ਰਸਿੱਧ ਕਲਾਕਾਰ ਅਰਵਿੰਦਰ ਭੱਟੀ, ਆਰਟ ਗੈਲਰੀ ਤੋਂ ਅਰਵਿੰਦਰ ਚਮਕ, ਖਾਲਸਾ ਕਾਲਜ ਦੇ ਰਜਿਸਟਰਾਰ ਦਵਿੰਦਰ ਸਿੰਘ, ਪੰਜਾਬ ਨਾਟਸ਼ਾਲਾ ਤੋਂ ਜਤਿੰਦਰ ਬਰਾੜ, ਭਾਸ਼ਾ ਅਫ਼ਸਰ ਸੁਰੇਸ਼ ਮਹਿਤਾ, ਭਾਸ਼ਾ ਅਫ਼ਸਰ ਪਰਮਜੀਤ ਸਿੰਘ ਕਲਸੀ, ਨਾਰੀ ਚੇਤਨਾ ਮੰਚ ਤੋਂ ਇਕਬਾਲ ਕੌਰ ਸੋਂਦ, ਦਸਤਕ ਤੋਂ ਰਾਜਿੰਦਰ ਸਿੰਘ ਅਤੇ ਅਮਿਤਾ ਸ਼ਰਮਾ, ਪੰਜਾਬੀ ਜਾਗਰਣ ਤੋਂ ਰਮੇਸ਼ ਰਾਮਪੁਰਾ, ਗਾਇਕ ਹਰਿੰਦਰ ਸੋਹਲ, ਗਾਇਕ ਤਰਲੋਚਨ ਤੋਚੀ, ਗੀਤਕਾਰ ਨਿੰਮਾ ਲੁਹਾਰਕਾ, ਗੀਤਕਾਰ ਕੁਲਵੰਤ ਗੁਰਾਇਆ, ਹਰਿਆਵਲ ਪੰਜਾਬ ਤੋਂ ਦਲਜੀਤ ਸਿੰਘ ਕੋਹਲੀ, ਟ੍ਰੈਫਿਕ ਪੁਲਿਸ ਤੋਂ ਦਲਜੀਤ ਸਿੰਘ, ਮਾਈ ਐੱਫ ਐੱਮ ਤੋਂ ਰਾਹੁਲ ਸ਼ਰਮਾ, ਮਿਸ਼ਨ ਆਗਾਜ਼ ਤੋਂ ਦੀਪਕ ਬੱਬਰ, ਸੁਪਰੀਮ ਟਾਈਮ ਤੋਂ ਸੁਖਦੇਵ ਸਿੰਘ, ਜਸਟ ਸੇਵਾ ਸੋਸਇਟੀ ਤੋਂ ਐਡਵੋਕੇਟ ਹਰਸਿਮਰਨ ਸਿੰਘ, ਇੰਦਰਬੀਰ ਸਿੰਘ ਟਿੰਕੂ, ਪੰਜਾਬੀ ਸੰਵਾਦ ਤੋਂ ਜਯੋਤੀ ਬਾਵਾ, ਬਿਜਲੀ ਵਿਭਾਗ ਤੋਂ ਜਤਿੰਦਰ ਸਿੰਘ, ਯੂ ਕੇ ਤੋਂ ਤਜਿੰਦਰ ਸਿੰਦਰਾ, ਸਮਾਜ ਸੇਵਕ ਮਨਦੀਪ ਸਿੰਘ ਮੰਨਾ ਆਦਿ ਪ੍ਰਮੁੱਖ ਹਨ। ਦਲਜੀਤ ਸਿੰਘ ਸੋਨਾ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਸਾਡਾ ਨਾਟ ਘਰ ਵਿੱਚ ਆਉਣ ਵਾਲੇ ਦਰਸ਼ਕਾਂ ਕੋਲੋਂ ਕਿਸੇ ਵੀ ਕਿਸਮ ਦੀ ਕੋਈ ਟਿਕਟ ਜਾਂ ਫੀਸ ਨਹੀਂ ਲਈ ਜਾਂਦੀ ਅਤੇ ਹਰ ਹਫ਼ਤੇ ਦਰਸ਼ਕਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਦਰਸ਼ਕਾਂ ਵਿੱਚੋਂ ਵੀ ਕੋਈ ਆਪਣਾ ਗੀਤ, ਕਵਿਤਾ ਜਾਂ ਕੋਈ ਹੋਰ ਪੇਸ਼ਕਾਰੀ ਕਰਦਾ ਹੈ ਤਾਂ ਸਾਡਾ ਨਾਟ ਘਰ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਟੇਜ ਤੋਂ ਹੁਣ ਤੱਕ ਬਹੁਤ ਸਾਰੇ ਕਲਾਕਾਰ ਫ਼ਨਕਾਰ ਪੈਦਾ ਕੀਤੇ ਗਏ ਹਨ ਜਿਹੜੇ ਫਿਲਮੀ ਅਤੇ ਰੰਗਮੰਚੀ ਦੁਨੀਆਂ ਚ ਬਹੁਤ ਨਾਮ ਕਮਾ ਰਹੇ ਹਨ। ਹਰ 50 ਪ੍ਰੋਗਰਾਮਾਂ ਬਾਅਦ ਸਾਡਾ ਨਾਟ ਘਰ ਦੇ ਪ੍ਰਧਾਨ ਦੀ ਦਰਸ਼ਕਾਂ ਵੱਲੋਂ ਵੋਟਾਂ ਪਾ ਕੇ ਚੋਣ ਕੀਤੀ ਜਾਂਦੀ ਹੈ। ਇਸ ਵੇਲੇ 35 ਦੇ ਕਰੀਬ ਕਲਾਕਾਰਾਂ ਦਾ ਇਹ ਗਰੁੱਪ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਆਪਣੀ ਕਲਾ ਦੇ ਜ਼ੋਹਰ ਆਪਣੇ ਨੁੱਕੜ ਨਾਟਕਾਂ ਰਾਹੀਂ, ਆਪਣੇ ਭੰਗੜੇ ਅਤੇ ਗਿੱਧੇ ਰਾਹੀਂ ਅਤੇ ਆਪਣੇ ਲੋਕ ਗੀਤਾਂ ਰਾਹੀਂ ਵੀ ਦਿਖਾ ਰਿਹਾ ਹੈ।

ਦਲਜੀਤ ਸਿੰਘ ਸੋਨਾ ਨੇ ਅੱਗੇ ਦੱਸਿਆ ਕਿ ਇਹ ਐਵਾਰਡ ਉਹਨਾਂ ਦੀ ਟੀਮ ਦੀ ਮਿਹਨਤ ਹੈ ਜਿਸਨੇ ਦਿਨ ਰਾਤ ਇੱਕ ਕਰਕੇ ਕਰੀਬ 80 ਨਾਟਕ ਤਿਆਰ ਕੀਤੇ ਹਨ ਜਿਨ੍ਹਾਂ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਨਾਟਕ ਵੀ ਸ਼ਾਮਿਲ ਹਨ। ਪ੍ਰਮੁੱਖ ਨਾਟਕਾਂ ਵਿੱਚ ਦੁੱਖ ਦਰਿਆ, ਸਾਡਾ ਜੱਗੋਂ ਸੀਰ ਮੁੱਕਿਆ, ਕੇਸਰੋ, ਮਿੱਟੀ ਦਾ ਮੁੱਲ, ਮਿੱਟੀ ਰੁਦਨ ਕਰੇ, ਕਠਪੁਤਲੀ, ਮੁਕਤੀ ਧਾਮ, ਚੰਦਨ ਦੇ ਓਹਲੇ, ਕੁਛ ਤਾਂ ਕਰੋ ਯਾਰੋ, ਜਿਨ ਸਚੁ ਪੱਲੇ, ਇਹ ਲਹੂ ਕਿਸਦਾ ਹੈ, ਸੁਹਾਗ, ਚਾਂਦਨੀ ਚੌਂਕ ਤੋਂ ਸਰਹਿੰਦ, ਨਾਇਕ, ਦੁੱਲੇ ਦੀ ਮੁਹੱਬਤ, ਹਿੰਦ ਦਾ ਰਾਖਾ, ਇੰਡੀਆ ਗੇਟ, ਸਰਹੱਦਾਂ ਹੋਰ ਵੀ ਨੇ , ਭਗਤ ਸਿੰਘ, ਖੂਹ ਬੋਲਦਾ ਹੈ, ਸਵੱਛਤਾ ਹੀ ਸੇਵਾ, ਦਲਜੀਤ ਸੋਨਾ ਦਾ ਲਿਖਿਆ ਨਾਟਕ ਫੀਕੋ ਆਦਿ ਪ੍ਰਮੁੱਖ ਹਨ।

ਸਾਡਾ ਨਾਟ ਘਰ ਦੇ ਪ੍ਰਧਾਨ ਪਰਮਜੀਤ ਸਿੰਘ, ਉੱਪ ਪ੍ਰਧਾਨ ਹਰਮਨਪ੍ਰੀਤ ਸਿੰਘ, ਤੋਂ ਇਲਾਵਾ ਅਨਮੋਲਪ੍ਰੀਤ ਕੌਰ ਇਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮਨਿੰਦਰ ਸਿੰਘ ਨੌਸ਼ਿਹਰਾ ਅਤੇ ਲਵਲੀ ਪ੍ਰੋਡਕਸ਼ਨ ਆਪਣੇ ਸਹਿਯੋਗ ਨਾਲ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। ਸ਼ਰਨਜੀਤ ਸਿੰਘ ਰਟੌਲ, ਗੁਰਵਿੰਦਰ ਕੌਰ, ਜਸਲੀਨ ਕੌਰ ਦੇ ਨਾਲ ਨਾਲ 25 ਹੋਰ ਛੋਟੇ ਵੱਡੇ ਕਲਾਕਾਰ ਟੀਮ ਨੂੰ ਮਜ਼ਬੂਤੀ ਪ੍ਰਧਾਨ ਕਰਦੇ ਹਨ।

ਸਾਡਾ ਨਾਟ ਘਰ ਵਿੱਚ ਆਉਣ ਵਾਲੇ ਦਰਸ਼ਕ ਅਤੇ ਕਲਾਕਾਰ ਇਸ ਸਟੇਜ ਨੂੰ ਰੂਹ ਨੂੰ ਸਕੂਨ ਦੇਣ ਵਾਲਾ ਸਥਾਨ ਮੰਨਦੇ ਹਨ। ਪਠਾਨਕੋਟ ਤੋਂ ਸੁਰੇਸ਼ ਮਹਿਤਾ ਦੇ ਨਾਟਕ “ਕਥਾ ਇਕ ਕਿੰਨਰ ਦੀ” ਅਤੇ ਵਿਸ਼ਾਲ ਸ਼ਰਮਾ ਦੇ ਸਿਫ਼ਰ ਗਰੁੱਪ ਦੇ ਨਾਟਕ “ਦਿਗਦਰਸ਼ਕ” ਦੀ ਬੇਹਤਰੀਨ ਪੇਸ਼ਕਾਰੀ ਵੀ ਇਸ ਸਟੇਜ ਤੇ ਹੋ ਚੁੱਕੀ ਹੈ। ਆਉਣ ਵਾਲੇ ਸਮੇਂ ਵਿੱਚ ਸਾਡਾ ਨਾਟ ਘਰ ਬਹੁਤ ਸਾਰੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਜਾ ਰਿਹਾ ਹੈ।