ਅਧਿਕਾਰੀਆਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸਜਾਈ ਜਾ ਰਹੀ ਸ਼ੋਭਾ ਯਾਤਰਾ ਲਈ ਪੁਖ਼ਤਾ ਪ੍ਰਬੰਧ
ਜਲੰਧਰ (EN) 22 ਫਰਵਰੀ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵਲੋਂ 23 ਫਰਵਰੀ 2024 ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਲੋਕ ਸਭਾ ਮੈਂਬਰ, ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਅੱਜ ਸ਼ੋਭਾ ਯਾਤਰਾ ਦੇ ਰਸਤੇ ਦਾ ਦੌਰਾ ਕੀਤਾ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾਣ ਵਾਲੇ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਸ੍ਰੀ ਗੁਰੂ ਰਵਿਦਾਸ ਧਾਮ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪੁਲਿਸ, ਸਿਵਲ ਪ੍ਰਸ਼ਾਸਨ ਅਤੇ ਨਗਰ ਨਿਗਮ ਵਲੋਂ ਸ਼ੋਭਾ ਯਾਤਰਾ ਲਈ ਪੁਖ਼ਤਾ ਇੰਤਜਾਮ ਕੀਤੇ ਗਏ ਹਨ। ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਹੋ ਕੇ ਜਾਣ ਵਾਲੀ ਸ਼ੋਭਾ ਯਾਤਰਾ ਦੌਰਾਨ ਮਹਿਲਾ ਪੁਲਿਸ ਕਰਮੀਆਂ ਦੀ ਡਿਊਟੀ ਲਗਾਉਣ ਤੋਂ ਇਲਾਵਾ ਸੁਰੱਖਿਆ ਦੇ ਸੁਚੱਜੇ ਪ੍ਰਬੰਧ ਯਕੀਨੀ ਬਣਾਏ ਜਾਣ ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਦੌਰਾਨ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਤਾਂ ਜੋ ਸ਼ਰਧਾਲੂਆਂ ਨੂੰ ਸ਼ੋਭਾ ਯਾਤਰਾ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਪੁਲਿਸ ਅਧਿਕਾਰੀਆਂ ਨੂੰ ਇਹ ਵੀ ਕਿਹਾ ਗਿਆ ਕਿ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਜਾਣ। ਇਸ ਮੌਕੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮਹੱਤਵਪੂਰਨ ਚੌਕਾਂ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਕਰਨ ਤੋਂ ਇਲਾਵਾ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਬਦਲਵੇਂ ਰੂਟ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ ਤਾਂ ਜੋ ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ਅਤੇ ਡਿਪਟੀ ਕਮਿਸ਼ਨਰ ਵਲੋਂ ਨਗਰ ਨਿਗਮ ਜਲੰਧਰ ਨੂੰ ਵੀ ਕਿਹਾ ਗਿਆ ਕਿ ਸਾਫ-ਸਫ਼ਾਈ, ਪੀਣ ਯੋਗ ਪਾਣੀ, ਮੋਬਾਇਲ ਪਖ਼ਾਨੇ ਯੂਨਿਟ ਅਤੇ ਸ਼ੋਭਾ ਯਾਤਰਾ ਦੇ ਰਸਤੇ ਵਿੱਚ ਸਜਾਵਟ ਆਦਿ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ। ਉਨ੍ਹਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਮੌਕੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੌਕੇ ਵਿਸ਼ੇਸ਼ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਜਾਣ।