05/02/2024 7:15 AM

ਕਮਿਸ਼ਨਰੇਟ ਪੁਲਿਸ ਨੇ 1 ਕਿਲੋ ਅਫੀਮ ਸਮੇਤ ਇੱਕ ਨੂੰ ਕੀਤਾ ਕਾਬੂ

ਸੀਪੀ ਨੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਦੀ ਵਚਨਬੱਧਤਾ ਦੁਹਰਾਈ

ਜਲੰਧਰ, 23 ਫਰਵਰੀ : ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਇਕ ਵਿਅਕਤੀ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਰੋਕਣ ਲਈ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਸੀ.ਆਈ.ਏ ਸਟਾਫ਼ ਜਲੰਧਰ ਦੀ ਪੁਲਿਸ ਟੀਮ ਨੇਹਰ ਪੁਲੀ, ਬਾਬਾ ਬੁੱਢਾ ਜੀ ਨਗਰ, ਜਲੰਧਰ ਨੇੜੇ ਗਸ਼ਤ ਕਰ ਰਹੀ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਕਪੂਰਥਲਾ ਰੋਡ ਦੇ ਕਿਨਾਰੇ ਇੱਕ ਵਿਅਕਤੀ ਨੂੰ ਪੋਲੀਥੀਨ ਫੜ ਕੇ ਆਉਂਦੇ ਦੇਖਿਆ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਦੇਖ ਕੇ ਸ਼ੱਕੀ ਵਿਅਕਤੀ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਉਕਤ ਨੌਜਵਾਨ ਦਾ ਪਿੱਛਾ ਕਰਕੇ ਉਸਨੂੰ ਦਬੋਚ ਲਿਆ ਅਤੇ ਉਕਤ ਨੌਜਵਾਨ ਦੀ ਤਲਾਸ਼ੀ ਲੈਣ ‘ਤੇ ਪੁਲਿਸ ਪਾਰਟੀ ਨੇ ਉਸ ਪਾਸੋਂ 1 ਕਿਲੋ ਅਫੀਮ ਬਰਾਮਦ ਕੀਤੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਕਿਸ਼ਨ ਲਾਲ ਪੁੱਤਰ ਛੈਸੀ ਰਾਮ ਵਾਸੀ ਮਕਾਨ ਨੰਬਰ 89 ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਐਫ.ਆਈ.ਆਰ ਨੰਬਰ 43 ਮਿਤੀ 22-02-2024 ਅਧੀਨ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਮੁਲਜ਼ਮ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਲੱਭਿਆ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।