ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਆਪਣੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ । ਉਹ ਅਮਰੀਕਾ ਦੇ ਇਲੀਨੌਏ ਰਾਜ ਦੇ ਕਾਰਬੋਨਡੇਲ ਵਿੱਚ ਰਹਿ ਰਹੇ ਸਨ। ਉਨ੍ਹਾਂ ਦੇ ਦਿਹਾਂਤ ‘ਤੇ ਪੀ.ਏ.ਯੂ. ਦੇ ਸਮੁੱਚੇ ਵਿਗਿਆਨੀ ਭਾਈਚਾਰੇ ਅਤੇ ਕਰਮਚਾਰੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸ ਦੇਈਏ ਕਿ ਡਾ. ਕੰਗ 30 ਅਪ੍ਰੈਲ 2007 ਤੋਂ 30 ਅਪ੍ਰੈਲ 2011 ਤੱਕ ਪੀ.ਏ.ਯੂ. ਦੇ ਵਾਈਸ ਚਾਂਸਲਰ ਵਜੋਂ ਨਿਯੁਕਤ ਰਹੇ। ਉਨ੍ਹਾਂ ਦਾ ਜਨਮ 3 ਮਾਰਚ 1948 ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਹੋਇਆ।ਗੌਰਤਲਬ ਹੈ ਕਿ 1968 ਵਿੱਚ ਪੀ.ਏ.ਯੂ. ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਦੇ ਨਾਲ ਡਾ. ਕੰਗ ਖੇਤੀ ਵਿਗਿਆਨ ਖੇਤਰ ਵਿੱਚ ਦਾਖਲ ਹੋਏ। ਉਨ੍ਹਾਂ ਨੇ 1971 ਵਿੱਚ ਐਡਵਰਡਜ਼ ਵਿਲੇ ਦੀ ਸਾਊਦਰਨ ਇਲੀਨੋਏਸ ਯੂਨੀਵਰਸਿਟੀ ਤੋਂ ਪੌਦਾ ਜੈਨੇਟਿਕਸ ਵਿੱਚ ਮਾਸਟਰਜ਼ ਦੀ ਡਿਗਰੀ ਹਾਸਿਲ ਕੀਤੀ। ਇਸੇ ਯੂਨੀਵਰਸਿਟੀ ਤੋਂ 1977 ਵਿੱਚ ਉਨ੍ਹਾਂ ਨੇ ਬੌਟਨੀ ਦੀ ਉਚੇਰੀ ਪੜ੍ਹਾਈ ਕੀਤੀ। ਇਸ ਤੋਂ ਇਲਾਵਾ ਡਾ. ਕੰਗ ਨੇ ਇਸੇ ਸਾਲ ਕੋਲੰਬੀਆ ਦੀ ਮਿਸੌਰੀ ਯੂਨੀਵਰਸਿਟੀ ਤੋਂ ਪੌਦਾ ਵਿਗਿਆਨ ਦੇ ਖੇਤਰ ਵਿੱਚ PhD ਦੀ ਡਿਗਰੀ ਹਾਸਿਲ ਕੀਤੀ।
ਦੱਸ ਦੇਈਏ ਕਿ ਡਾ. ਕੰਗ ਦੇ ਦਿਹਾਂਤ ‘ਤੇ CM ਭਗਵੰਤ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਸ ਘਾਟੇ ਨੂੰ ਨਾ ਪੂਰਨ ਯੋਗ ਦੱਸਿਆ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, “ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਸਿੱਧ ਜਨੈਟਿਕਸ ਵਿਗਿਆਨੀ ਡਾ. ਮਨਜੀਤ ਸਿੰਘ ਕੰਗ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਡਾ. ਕੰਗ ਜੀ ਬੜੇ ਹੀ ਮਿੱਠ ਬੋਲੜੇ ਸੁਭਾਅ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ। ਇਹ ਘਾਟਾ ਨਾ ਪੂਰਨ ਯੋਗ ਹੈ। ਪਰਿਵਾਰ ਤੇ ਚਾਹੁੰਣ ਵਾਲਿਆਂ ਨਾਲ ਦਿਲੋਂ ਹਮਦਰਦ। ਪਰਮਾਤਮਾ ਉਹਨਾਂ ਦੀ ਰੂਹ ਨੂੰ ਚਰਨਾਂ ‘ਚ ਥਾਂ ਬਖਸ਼ਣ।”