ਜਲੰਧਰ ਲੋਕ ਸਭਾ ਸੀਟ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਬੈਲੇਟ ਪੇਪਰ ਦੀ ਗਿਣਤੀ ਹੋਈ, ਜਿਸ ਤੋਂ ਬਾਅਦ ਈਵੀਐੱਮ ਖੋਲ੍ਹੀ ਗਈ। ਪਹਿਲੇ ਮਿਲੇ ਰੁਝਾਨ ਮੁਤਾਬਕ ਕਾਂਗਰਸ ਉਮੀਦਵਾਰ ਤੇ ਸਾਬਕਾ ਸੀ.ਐੱਮ. ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਹਨ।
ਇਸ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ, ਜਿਸ ਵਿੱਚ ਸ਼ਹਿਰ ਦੀਆਂ ਜਲੰਧਰ ਪੱਛਮੀ, ਉੱਤਰੀ, ਕੇਂਦਰੀ ਅਤੇ ਛਾਉਣੀ ਦੀਆਂ ਸੀਟਾਂ ਸ਼ਾਮਲ ਹਨ, ਜਦੋਂ ਕਿ ਦਿਹਾਤੀ ਹਲਕੇ ਵਿੱਚ ਕਰਤਾਰਪੁਰ, ਆਦਮਪੁਰ, ਫਿਲੌਰ, ਸ਼ਾਹਕੋਟ ਅਤੇ ਨਕੋਦਰ ਹਲਕੇ ਸ਼ਾਮਲ ਹਨ।
ਵੋਟਾਂ ਦੀ ਗਿਣਤੀ ਲਈ ਇੱਕ ਕਾਊਂਟਿੰਗ ਸੈਂਟਰ ਬਣਾਇਆ ਗਿਆ ਹੈ। ਜਿਸ ਵਿੱਚ 800 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ 1000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਇੱਥੋਂ ਮੁੱਖ ਮੁਕਾਬਲਾ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਅਤੇ ‘ਆਪ’ ਦੇ ਪਵਨ ਕੁਮਾਰ ਟੀਨੂੰ ਵਿਚਕਾਰ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਅਤੇ ਬਸਪਾ ਦੇ ਐਡਵੋਕੇਟ ਬਲਵਿੰਦਰ ਕੁਮਾਰ ਵੀ ਚੋਣ ਮੈਦਾਨ ਵਿੱਚ ਹਨ।
ਜਲੰਧਰ ‘ਚ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਸਮਰਥਕ ਗਿਣਤੀ ਵਾਲੀ ਥਾਂ ‘ਤੇ ਪਹੁੰਚ ਚੁੱਕੇ ਹਨ। ਕਾਊਂਟਿੰਗ ਸੈਂਟਰ ‘ਤੇ ਆਦਮਪੁਰ, ਜਲੰਧਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਪਹੁੰਚੇ ਹੋਏ ਹਨ। ਜਲੰਧਰ ਵਿੱਚ ਸਪੋਰਟਸ ਕਾਲਜ ਦੇ ਬਾਹਰ ਤਾਇਨਾਤ ਫੋਰਸ। ਸਪੋਰਟਸ ਕਾਲਜ ਰੋਡ ਨੂੰ ਪੁਲਿਸ ਨੇ ਬੰਦ ਕਰ ਦਿੱਤਾ। ਚਾਰ ਥਾਵਾਂ ’ਤੇ ਬੈਰੀਕੇਡ ਲਗਾ ਕੇ ਵਾਹਨਾਂ ਨੂੰ ਰੋਕਿਆ ਗਿਆ।
ਦੱਸ ਦੇਈਏ ਕਿ ਇਸ ਵਾਰ ਇਸ ਸੀਟ ‘ਤੇ 59.07 ਫੀਸਦੀ ਵੋਟਿੰਗ ਹੋਈ। ਪਿਛਲੀਆਂ ਜ਼ਿਮਨੀ ਚੋਣਾਂ ਵਿੱਚ ਇਹ ਵੋਟ ਪ੍ਰਤੀਸ਼ਤਤਾ ਸਿਰਫ਼ 54 ਫੀਸਦੀ ਸੀ। ਸਭ ਤੋਂ ਵੱਧ ਵੋਟਾਂ ਜਲੰਧਰ ਪੱਛਮੀ ਹਲਕੇ ‘ਚ ਕਰੀਬ 64 ਫੀਸਦੀ ਪਈਆਂ। ਇਸ ਤੋਂ ਬਾਅਦ ਜਲੰਧਰ ਉੱਤਰੀ ‘ਚ 62.10 ਫੀਸਦੀ, ਸ਼ਾਹਕੋਟ ‘ਚ 58.79 ਫੀਸਦੀ, ਆਦਮਪੁਰ ‘ਚ 58.50 ਫੀਸਦੀ, ਨਕੋਦਰ ‘ਚ 58.40 ਫੀਸਦੀ, ਕਰਤਾਰਪੁਰ ‘ਚ 57.98 ਫੀਸਦੀ, ਜਲੰਧਰ ਕੈਂਟ ‘ਚ 57.95 ਫੀਸਦੀ, ਫਿਲੌਰ ‘ਚ 57.80 ਫੀਸਦੀ ਅਤੇ ਜਲੰਧਰ ਸੈਂਟਰਲ ‘ਚ 56.80 ਫੀਸਦੀ ਵੋਟਾਂ ਪਈਆਂ।
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਪਹਿਲੇ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾ ਰਹੀ ਹੈ। ਪਹਿਲਾ ਰੁਝਾਨ 9 ਵਜੇ ਤੱਕ । ਦੁਪਹਿਰ 2 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ। ਪਹਿਲਾ ਰੁਝਾਨ ਸਵੇਰੇ 10 ਵਜੇ ਤੱਕ ਆਉਣ ਦੀ ਉਮੀਦ ਹੈ।
ਵੋਟਾਂ ਦੀ ਗਿਣਤੀ ਲਈ ਹਰੇਕ ਸੀਟ ‘ਤੇ 9 ਕੇਂਦਰ ਬਣਾਏ ਗਏ ਹਨ। ਜਿਸ ਵਿੱਚ 15000 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ 12 ਹਜ਼ਾਰ ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।