ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਡੀਆਂ ਮੁਸ਼ਕਿਲਾ ਵਿੱਚ ਘਿਰ ਗਏ ਹਨ। ਹਾਈਕੋਰਟ ਨੇ ਬੀਬੀ ਜਗੀਰ ਕੌਰ ਨੂੰ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਐਫ਼ਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।ਦੱਸ ਦਈਏ ਕਿ ਮਾਣਯੋਗ ਹਾਈਕੋਰਟ ਨੇ ਆਪਣੇ ਹੁਕਮਾਂ ਰਾਹੀਂ ਬੀਬੀ ਜਗੀਰ ਕੌਰ ਨੂੰ ਐੱਨਏਸੀ ਬੇਗੋਵਾਲ ਦੀ 172 ਕਨਾਲ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ। ਹਾਈਕੋਰਟ ਨੇ ਈ.ਓ.ਐਨ.ਏ.ਸੀ ਬੇਗੋਵਾਲ ਨੂੰ ਕਬਜ਼ੇ ਵਾਲੀ ਜ਼ਮੀਨ ਦੇ ਕਿਰਾਏ ਦੀ ਏਵਜ ‘ਚ 5 ਕਰੋੜ 91 ਲੱਖ ਦੀ ਵਸੂਲੀ ਕਰਨ ਅਤੇ ਉਕਤ 172 ਕਨਾਲ ਜ਼ਮੀਨ ਨੂੰ ਵਾਪਿਸ ਦਿਵਾਉਣ ਲਈ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕੋਰਟ ਨੇ ਵਿਜੀਲੈਂਸ ਬਿਊਰੋ ਨੂੰ ਉਕਤ ਗੈਰ-ਕਾਨੂੰਨੀ ਕਬਜ਼ਿਆਂ ਦੀ ਇਜਾਜ਼ਤ ਦੇਣ ਵਾਲੇ ਅਧਿਕਾਰੀਆਂ ਵਿਰੁੱਧ ਫੌਜਦਾਰੀ ਕਾਰਵਾਈ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਦੱਸ ਦਈਏ ਕਿ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਐਕਸ ‘ਤੇ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਪਟੀਸ਼ਨ ਵਿੱਚ ਬੀਬੀ ਜਗੀਰ ਕੌਰ ’ਤੇ 1996 ਤੋਂ 2014 ਤੱਕ ਬੇਗੋਵਾਲ ਦੀ 172 ਕਨਾਲ ਪੰਜ ਮਰਲੇ, ਕਰੀਬ 18-20 ਵਿੱਘੇ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਇਲਜ਼ਾਮ ਲਾਇਆ ਗਿਆ ਸੀ ਕਿ ਇਸ ਜ਼ਮੀਨ ’ਤੇ ਹਾਈ ਸਕੂਲ ਦੀ ਉਸਾਰੀ ਕੀਤੀ ਗਈ ਸੀ ਅਤੇ ਉਸਾਰੀ ਕਾਰਨ ਐਨ.ਏ.ਸੀ. ਨੂੰ ਨੋਟਿਸ ਵੀ ਜਾਰੀ ਕੀਤਾ ਸੀ, ਪਰ ਉਸਾਰੀ ਹਟਾਉਣ ਦੀ ਬਜਾਏ ਇਸ ਸਕੂਲ ਵਿੱਚ ਇੰਟਰਨੈਸ਼ਨਲ ਸਕੂਲ ਚੱਲਣਾ ਸ਼ੁਰੂ ਕਰ ਦਿੱਤਾ, ਭਾਵੇਂ ਕਿ ਇਸ ਸਕੂਲ ਨੂੰ ਕਿਤੇ ਵੀ ਮਾਨਤਾ ਨਹੀਂ ਹੈ।